ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਸਤੰਬਰ
ਨਸ਼ੇ ਦੀ ਹਾਲਤ ਵਿੱਚ ਨਵ-ਵਿਆਹੁਤਾ ਮੁਟਿਆਰ ਦੀ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਸਥਾਨਕ ਮਕਬੂਲਪੁਰਾ ਇਲਾਕੇ ਦੀ ਦੱਸੀ ਗਈ ਹੈ ਜੋ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਹੇਠ ਆਉਂਦਾ ਹੈ। ਇਸ ਹਲਕੇ ਵਿੱਚ ‘ਆਪ’ ਦੀ ਵਿਧਾਇਕ ਜੀਵਨਜੋਤ ਕੌਰ ਹੈ। ਮਕਬੂਲਪੁਰਾ ਇਲਾਕਾ ਪਹਿਲਾਂ ਹੀ ਨਸ਼ਿਆਂ ਦੀ ਵਰਤੋਂ ਤੇ ਸਪਲਾਈ ਲਈ ਮਸ਼ਹੂਰ ਰਿਹਾ ਹੈ। ਇੱਥੇ ਨਸ਼ਿਆਂ ਕਾਰਨ ਵੱਡੀ ਗਿਣਤੀ ਵਿੱਚ ਮੌਤਾਂ ਵੀ ਹੋ ਚੁੱਕੀਆਂ ਹਨ ਅਤੇ ਇਸ ਨੂੰ ਵਿਧਵਾਵਾਂ ਦੀ ਕਲੋਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਮੇਂ ਦੀਆਂ ਸਰਕਾਰਾਂ ਤੇ ਕਈ ਵਾਰ ਪੁਲੀਸ ਵੱਲੋਂ ਵੀ ਇਸ ਇਲਾਕੇ ਵਿੱਚੋਂ ਨਸ਼ਾ ਖ਼ਤਮ ਕਰਨ ਦੀ ਮੁਹਿੰਮ ਚਲਾਈ ਗਈ ਹੈ ਪਰ ਇਹ ਮੁਹਿੰਮ ਸਫ਼ਲ ਨਹੀਂ ਹੋਈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਇਸ ਦੀ ਵੱਡੀ ਆਲੋਚਨਾ ਹੋ ਰਹੀ ਹੈ।
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਆਖਿਆ ਕਿ ਇਸ ਹਫ਼ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ‘ਆਪ’ ਆਗੂਆਂ ਦੇ ਘਰਾਂ ਅੱਗੇ ਕੀਤੇ ਜਾ ਰਹੇ ਮੁਜ਼ਾਹਰਿਆਂ ਦੌਰਾਨ ਇਹ ਮੁੱਦਾ ਵੀ ਉਠਾਇਆ ਜਾਵੇਗਾ। ਇਸ ਵੀਡੀਓ ਵਿੱਚ ਨਵ ਵਿਆਹੀ ਕੁੜੀ, ਜਿਸ ਨੇ ਚੂੜਾ ਪਾਇਆ ਹੋਇਆ ਹੈ, ਦਿਖਾਈ ਦੇ ਰਹੀ ਹੈ ਅਤੇ ਉਹ ਨਸ਼ੇ ਦੀ ਹਾਲਤ ਕਾਰਨ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਤੋਂ ਵੀ ਅਸਮਰੱਥ ਹੈ। ਕਿਸੇ ਸਥਾਨਕ ਵਿਅਕਤੀ ਨੇ ਇਹ ਵੀਡੀਓ ਬਣਾਈ ਹੈ ਜੋ ਦੱਸ ਰਿਹਾ ਹੈ ਕਿ ਇਸ ਕੁੜੀ ਨੇ ਨਸ਼ੇ ਦਾ ਟੀਕਾ ਲਾਇਆ ਹੈ ਅਤੇ ਹੁਣ ਨਸ਼ੇ ਦੀ ਹਾਲਤ ਵਿੱਚ ਉਸ ਕੋਲੋਂ ਖੜ੍ਹੇ ਵੀ ਨਹੀਂ ਹੋਇਆ ਜਾ ਰਿਹਾ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ ਮੁਖਵਿੰਦਰ ਸਿੰਘ ਭੁੱਲਰ ਨੇ ਆਖਿਆ ਕਿ ਵਾਇਰਲ ਹੋਈ ਇਹ ਵੀਡੀਓ ਪੁਰਾਣੀ ਲੱਗਦੀ ਹੈ ਪਰ ਇਸ ਦੇ ਬਾਵਜੂਦ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਉਸ ਵਿਅਕਤੀ ਦੀ ਸ਼ਨਾਖਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਨੇ ਇਹ ਵੀਡੀਓ ਬਣਾਈ ਹੈ।
ਸੀਆਈਏ ਸਟਾਫ ਵੱਲੋਂ 110 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਸੀ.ਆਈ.ਏ. ਸਟਾਫ, ਅੰਮ੍ਰਿਤਸਰ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਮਨੀ ਸਿੰਘ ਵਾਸੀ ਗੁਜਰਪੁਰਾ ਅੰਮ੍ਰਿਤਸਰ ਅਤੇ ਹਰਮਨਜੀਤ ਸਿੰਘ ਵਾਸੀ ਦੀਪ ਪੈਲੇਸ ਵਾਲੀ ਗਲੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਨੂੰ ਕਾਬੂ ਕਰ ਕੇ ਦੋਵਾਂ ਕੋਲੋਂ 110 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਏ.ਐੱਸ.ਆਈ. ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਖਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਬੀ-ਡਿਵੀਜ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ