ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਦਸੰਬਰ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਕੇਂਦਰ ਸਰਕਾਰ ਨੂੰ ਮਜਬੂਰ ਕਰਨ ਵਾਲੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ 700 ਤੋਂ ਵੱਧ ਕਿਸਾਨਾਂ-ਮਜ਼ਦੂਰਾਂ ਨੂੰ ਸਮਰਪਿਤ ਫ਼ਤਹਿ ਮਾਰਚ ਕੱਢਿਆ। ਇਹ ਮਾਰਚ ਦਿੱਲੀ ਤੋਂ ਅੱਜ ਅੰਮ੍ਰਿਤਸਰ ਪੁੱਜਾ ਹੈ। ਕਿਸਾਨ-ਮਜ਼ਦੂਰ ਆਗੂਆਂ ਦਾ ਇਸ ਮਾਰਚ ਦੌਰਾਨ ਭਰਵਾਂ ਸਵਾਗਤ ਹੋਇਆ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ ਤੇ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਇਹ ਮਾਰਚ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਪੁੱਜਾ। ਜਿਥੋਂ ਇਹ ਸਮੂਹ ਕਾਰਕੁਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ ਹੈ। ਕਾਫ਼ਲੇ ਦਾ ਪੰਜਾਬ ਵਿੱਚ ਦਾਖ਼ਲ ਹੋਣ ਮਗਰੋਂ ਫ਼ਤਹਿਗੜ੍ਹ ਸਾਹਿਬ, ਖੰਨਾ, ਦੋਰਾਹਾ, ਲੁਧਿਆਣਾ, ਫਿਲੌਰ, ਫਗਵਾੜਾ, ਜਲੰਧਰ, ਸੁਭਾਨਪੁਰ, ਬਿਆਸ, ਰਈਆ, ਟਾਂਗਰਾ, ਜੰਡਿਆਲਾ, ਅੰਮ੍ਰਿਤਸਰ ਗੋਲਡਨ ਗੇਟ ਵਿਖੇ ਸਵਾਗਤ ਕੀਤਾ ਗਿਆ। ਇੱਥੇ ਪੁੱਜਣ ’ਤੇ ਕਿਸਾਨ ਆਗੂਆਂ ਨੂੰ ਫੁਲਾਂ ਦੇ ਹਾਰ, ਸਿਰੋਪਾਓ ਆਦਿ ਪਾ ਕੇ ਜੈਕਾਰਿਆਂ ਦੀ ਗੂੰਜ ਵਿਚ ਜੀ ਆਇਆਂ ਆਖਿਆ ਗਿਆ। ਇਥੋਂ ਇਹ ਕਾਫ਼ਲਾ ਪੈਦਲ ਮਾਰਚ ਕਰ ਕੇ ਹਰਿਮੰਦਰ ਸਾਹਿਬ ਪੁੱਜਾ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆ ਅਤੇ ਸਕੱਤਰ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਦਿੱਲੀ ਤੋਂ ਚੱਲੇ ਫ਼ਤਹਿ ਮਾਰਚ ਦਾ ਸਵਾਗਤ ਕੀਤਾ ਗਿਆ। ਸੰਗਤ ਦੇ ਠਾਠਾਂ ਮਾਰਦੇ ਇਕੱਠ ਨੇ ਫ਼ਤਹਿ ਮਾਰਚ ਦਾ ਫੁੱਲਾਂ ਨਾਲ ਸਵਾਗਤ ਕੀਤਾ ਤੇ ਮਾਰਚ ਦਾ ਹਿੱਸਾ ਬਣ ਕੇ ਦਰਬਾਰ ਸਾਹਿਬ ਲਈ ਚਾਲੇ ਪਾਏ। ਆਗੂਆਂ ਨੇ ਜਥੇਬੰਦੀ ਵੱਲੋਂ ਅੰਦੋਲਨ ਵਿੱਚ ਸਹਿਯੋਗ ਦੇਣ ਵਾਸਤੇ ਹਰ ਵਰਗ ਦਾ ਧੰਨਵਾਦ ਕੀਤਾ।
ਇਸੇ ਤਰ੍ਹਾਂ ਮੋਰਚਾ ਫਤਹਿ ਹੋਣ ਦੀ ਖ਼ੁਸ਼ੀ ਵਿੱਚ ਕਾਲਾ ਸੰਘਿਆਂ ਇਲਾਕੇ ਦੇ ਲੋਕਾਂ ਨੇ ਕਪੂਰਥਲਾ-ਨਕੋਦਰ ਰੋਡ ’ਤੇ ਮੁੱਖ ਚੌਕ ਵਿਚ ਚਾਰ ਕੁਇੰਟਲ ਲੱਡੂ ਵੰਡੇ। ਲੱਡੂ ਵੰਡਣ ਉਪਰੰਤ ਇਕੱਤਰ ਨੌਜਵਾਨਾਂ, ਬਜ਼ੁਰਗਾਂ ਅਤੇ ਬੀਬੀਆਂ ਨੇ ਕਾਫ਼ਲੇ ਦੇ ਰੂਪ ਵਿੱਚ ਜੇਤੂ ਮਾਰਚ ਵੀ ਕੱਢਿਆ। ਰਸਤੇ ਵਿਚ ਲੋਕਾਂ ਨੇ ਵੱਖ-ਵੱਖ ਪਕਵਾਨਾਂ ਦੇ ਲੰਗਰ ਨਾਲ ਉਨ੍ਹਾਂ ਦਾ ਸਵਾਗਤ ਕੀਤਾ।
ਮਾਨਸਰ (ਮਨਪ੍ਰੀਤ ਸਿੰਘ): ਇੱਥੇ ਪਿੰਡ ਹਿਯਾਤਪੁਰ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਕਿਸਾਨ ਮੋਰਚੇ ਵਿਚ ਸਭ ਤੋਂ ਲੰਬਾ ਸਮਾਂ ਡਟੇ ਰਹੇ ਨੌਜਵਾਨ ਆਗੂ ਧਰਮਿੰਦਰ ਸਿੰਘ ਸਿੰਬਲੀ ਤੇ ਹੋਰ ਕਿਸਾਨਾਂ ਦਾ ਸਨਮਾਨ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਇਹ ਕਾਰਪੋਰੇਟ ਘਰਾਣਿਆਂ ਦੀ ਅੰਨ੍ਹੀ ਲੁੱਟ ਖ਼ਿਲਾਫ਼, ਲੋਕਾਂ ਦੀ ਦਲੇਰੀ ਦੀ ਜਿੱਤ ਹੈ। ਉਨ੍ਹਾਂ ਦੇਸ਼ ਵਾਸੀਆਂ ਦਾ ਇਸ ਸੰਘਰਸ਼ ਵਿਚ ਵੱਡਮੁੱਲੇ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ।
ਫਗਵਾੜਾ (ਜਸਬੀਰ ਸਿੰਘ ਚਾਨਾ): ਦਿੱਲੀ ਦੇ ਕਿਸਾਨੀ ਮੋਰਚੇ ’ਚ ਪੁੱਜੀਆ ਨਿਹੰਗ ਸਿੰਘਾਂ ਦਾ ਜਥਾ ਅੱਜ ਆਪਣਾ ਫ਼ਤਿਹ ਮਾਰਚ ਕਰਦਾ ਹੋਇਆ ਫਗਵਾੜਾ ਪੁੱਜਾ। ਇਸੇ ਮੌਕੇ ਢੰਡਾਰੀ ਕਲਾਂ ਤੋਂ ਬਰਾਤ ਲੈ ਕੇ ਜਾ ਰਹੇ ਇੱਕ ਲਾੜੇ ਨੇ ਵੀ ਆਪਣੀ ਗੱਡੀ ਰੋਕ ਕੇ ਇਸ ਮਾਰਚ ’ਚ ਆਪਣੀ ਹਾਜ਼ਰੀ ਲਗਾਈ ਤੇ ਕਿਸਾਨੀ ਝੰਡਾ ਲੈ ਕੇ ਰਵਾਨਾ ਹੋਇਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਪ੍ਰਧਾਨ ਮਨਜੀਤ ਸਿੰਘ ਰਾਏ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਕ੍ਰਿਪਾਲ ਸਿੰਘ ਮੁਸਾਪੂਰ, ਗੁਰਪਾਲ ਸਿੰਘ ਪਾਲਾ ਮੌਲੀ, ਕੁਲਵਿੰਦਰ ਸਿੰਘ ਕਾਲਾ ਸਰਪੰਚ ਦੀ ਅਗਵਾਈ ’ਚ ਮੌਲੀ ਲੰਗਰ ਅਸਥਾਨ ’ਤੇ ਜਥਿਆਂ ਦਾ ਸੁਆਗਤ ਕੀਤਾ ਗਿਆ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਦਿੱਲੀ ਤੋਂ ਪਰਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਯੋਧਿਆਂ ਦਾ ਦਰਿਆ ਸਤਲੁਜ, ਬਾਜਵਾ ਕਲਾਂ, ਸ਼ਾਹਕੋਟ ਵਿਚ ਜੋਸ਼ੋ-ਖਰੋਸ਼ ਨਾਲ ਸਵਾਗਤ ਕੀਤਾ ਗਿਆ। ਸਤਲੁਜ ਦੇ ਟੌਲ ਪਲਾਜ਼ਾ ਇਲਾਕਾ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸੰਘਰਸ਼ੀਆਂ ਦੇ ਬਾਜਵਾ ਕਲਾਂ ਪੁੱਜਣ ’ਤੇ ਯੂਨੀਅਨ ਦੇ ਬਲਾਕ ਵਿੱਤ ਸਕੱਤਰ ਮੇਜਰ ਸਿੰਘ ਬਾਜਵਾ ਦੀ ਅਗਵਾਈ ਵਿਚ ਪਿੰਡ ਵਾਸੀਆਂ ਨੇ ਸਿਰੋਪੇ ਪਾ ਕੇ ਸਵਾਗਤ ਕੀਤਾ। ਸ਼ਾਹਕੋਟ ਅਤੇ ਨਵਾਂ ਕਿਲਾ ਦੇ ਵਾਸੀਆਂ ਨੇ ਵੀ ਜਥੇ ਦਾ ਸਵਾਗਤ ਕੀਤਾ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਵਰਕਰਾਂ ਨੇ ਪਿੰਡ ਮਲਸੀਆਂ ਦੀ ਪੱਤੀ ਸਾਹਲਾ ਨਗਰ ਦੇ ਵਰਕਰਾਂ ਨੇ ਕਿਸਾਨੀ ਅੰਦੋਲਨ ਜਿੱਤਣ ਦੀ ਖ਼ੁਸ਼ੀ ਵਿਚ ਅਖੰਡ ਪਾਠ ਕਰਵਾਇਆ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਸਿੰਘੂ ਬਾਰਡਰ ਤੋਂ ਸੁਖਵੰਸ ਸਿੰਘ ਚੀਮਾ, ਰਾਕੇਸ਼ ਸਿੰਘ ਖਾਲਸਾ ਅਤੇ ਨਿਰਮਲ ਸਿੰਘ ਔਜਲਾ ਦੀ ਅਗਵਾਈ ਹੇਠ ਚੱਲੇ ਕਿਸਾਨਾਂ ਦੇ ਫ਼ਤਹਿ ਮਾਰਚ ਦਾ ਟੌਲ ਪਲਾਜ਼ਾ ਬੱਛੂਆਂ ਵਿਖੇ ਪਹੁੰਚਣ ’ਤੇ ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਕਾਫ਼ਲੇ ਦਾ ਸਵਾਗਤ ਕੀਤਾ ਗਿਆ।
ਤਰਨ ਤਾਰਨ (ਗੁਰਬਖ਼ਸਪੁਰੀ): ਦਿੱਲੀ ਦੇ ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਤੋਂ ਲੈ ਕੇ ਅੰਤ ਤੱਕ ਮੋਰਚੇ ਵਿੱਚ ਰਹਿਣ ਵਾਲੇ ਇਲਾਕੇ ਦੇ ਕਿਸਾਨ ਰਛਪਾਲ ਸਿੰਘ ਭੈਲ ਦਾ ਅੱਜ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿੜਵਾਲ ਸਣੇ ਹੋਰਨਾਂ ਵੱਲੋਂ ਉਸ ਦੇ ਪਿੰਡ ਜਾ ਕੇ ਸਨਮਾਨ ਕੀਤਾ ਗਿਆ| ਕਿਸਾਨ ਯੋਧਾ ਰਛਪਾਲ ਸਿੰਘ (42) ਆਪਣੇ ਪਿੰਡ ਭੈਲ ਤੋਂ ਪਿਛਲੇ ਸਾਲ 25 ਨਵੰਬਰ ਨੂੰ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਥੇ ਨਾਲ ਗਿਆ ਸੀ| ਉਹ 13 ਦਸੰਬਰ ਤੱਕ ਦਿੱਲੀ ਮੋਰਚੇ ਤੇ ਡਟੇ ਰਹਿਣ ਉਪਰੰਤ ਆਪਣੇ ਘਰ ਆਇਆ ਹੈ|
ਅੱਜ ਤੋਂ ਧਰਨਾ ਮੁਕਤ ਹੋ ਜਾਣਗੇ ਟੌਲ ਪਲਾਜ਼ੇ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਪੰਜਾਬ ਵਿਚ ਟੌਲ ਪਲਾਜ਼ਿਆਂ ਤੋਂ ਵੀ ਬੁੱਧਵਾਰ ਨੂੰ ਕਿਸਾਨ ਉੱਠ ਜਾਣਗੇ। ਇਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਈ ਟੌਲ ਪਲਾਜ਼ਿਆਂ ’ਤੇ ਕਿਸਾਨਾਂ ਨੇ ਅੱਜ ਹੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਅਤੇ ਕਿਸਾਨ ਅੰਦੋਲਨ ਦੀ ਫ਼ਤਹਿ ਦੀ ਅਰਦਾਸ ਕਰਵਾਈ। ਸਤਲੁਜ ਦਰਿਆ ਦੇ ਨੇੜੇ ਗਿੱਦੜਪਿੰਡੀ ਪੁਲ ’ਤੇ ਲੱਗੇ ਟੌਲ ਪਲਾਜ਼ੇ ’ਤੇ ਵੀ ਕਿਸਾਨਾਂ ਨੇ ਬੁੱਧਵਾਰ ਨੂੰ ਧਰਨਾ ਚੁੱਕ ਲੈਣਾ ਹੈ। ਇਸੇ ਤਰ੍ਹਾਂ ਬਹਿਰਾਮ ਟੌਲ ਪਲਾਜ਼ੇ ’ਤੇ ਬੈਠੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਇੱਥੇ 432 ਦਿਨ ਬਤੀਤ ਕੀਤੇ ਹਨ। ਇਹ ਧਰਨਾ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਲਾਇਆ ਗਿਆ ਸੀ। ਜਥੇਬੰਦੀ ਦੇ ਆਗੂ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਟੌਲ ਪਲਾਜ਼ਾ ਤੋਂ ਸਾਮਾਨ ਭਲਕੇ ਤਕ ਚੁੱਕ ਲਿਆ ਜਾਵੇਗਾ ਤੇ ਸ਼ਾਮ ਪੰਜ ਵਜੇ ਤੋਂ ਟੌਲ ਪਲਾਜ਼ਾ ਬਿਲਕੁਲ ਧਰਨਿਆਂ ਤੋਂ ਮੁਕਤ ਹੋ ਜਾਵੇਗਾ। ਇਸੇ ਤਰ੍ਹਾਂ ਮਹਿਤਪੁਰ ਅਤੇ ਸ਼ਾਹਕੋਟ ਨੇੜੇ ਦਰਿਆ ਪਾਰ ਲੱਗੇ ਟੌਲ ਪਲਾਜ਼ਿਆਂ ’ਤੇ ਵੀ ਕਿਸਾਨਾਂ ਨੇ ਧਰਨੇ ਚੁੱਕਣ ਦੀ ਤਿਆਰੀ ਕਰ ਲਈ ਹੈ। ਟੌਲ ਪਲਾਜ਼ਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਭਾਅ ਵਿਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ।