ਗੁਰਬਖਸ਼ਪੁਰੀ
ਤਰਨ ਤਾਰਨ, 26 ਸਤੰਬਰ
ਭਿੱਖੀਵਿੰਡ ਪੁਲੀਸ ਨੇ ਸਮਗਲਰਾਂ ਦੇ ਇੱਕ ਪੰਜ-ਮੈਂਬਰੀ ਗਰੋਹ ਦੇ ਦੋ ਮੈਂਬਰਾਂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 528 ਗਰਾਮ ਹੈਰੋਇਨ ਬਰਾਮਦ ਕੀਤੀ ਜਿਸ ਦੀ ਅੰਤਰਰਾਸ਼ਟਰੀ ਮੰਡੀ ਵਿੱਚ ਕੀਮਤ 2.64 ਕਰੋੜ ਰੁਪਏ ਬਣਦੀ ਹੈ| ਇਸ ਸਬੰਧੀ ਪੱਤਰਕਾਰਾਂ ਨੂੰ ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਮਗਲਰਾਂ ਵਿੱਚ ਹਰਜਿੰਦਰ ਸਿੰਘ ਥੌੜੀ ਤੇ ਜੋਰਾ ਸਿੰਘ ਵਾਸੀ ਵਾਂ ਤਾਰਾ ਸਿੰਘ ਦੇ ਤੌਰ ’ਤੇ ਕੀਤੀ ਗਈ ਹੈ| ਗਰੋਹ ਦੇ ਤਿੰਨ ਮੈਂਬਰ ਫ਼ਰਾਰ ਹਨ ਜਿਨ੍ਹਾਂ ਵਿੱਚ ਗੁਰਲਾਲ ਸਿੰਘ ਵਾਸੀ ਵਾਂ ਤਾਰਾ ਸਿੰਘ, ਫਰੀਦਕੋਟ ਜੇਲ੍ਹ ਵਿੱਚ ਬੰਦ ਬਲਰਾਜ ਸਿੰਘ ਵਾਸੀ ਰਾਜੋਕੇ ਅਤੇ ਬਿਕਰਮਜੀਤ ਸਿੰਘ ਵਾਸੀ ਕੱਕੜ ਮੰਝ (ਲੋਪੋਕੇ) ਦਾ ਨਾਂ ਸ਼ਾਮਲ ਹੈ| ਜ਼ਿਲ੍ਹਾ ਪੁਲੀਸ ਮੁੱਖੀ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਆਪਣੇ ਸਰਹੱਦ ਤੋਂ ਪਾਰਲੇ ਸਾਥੀ ਸਮਗਲਰਾਂ ਨਾਲ ਮੋਬਾਈਲਾਂ ਉੱਤੇ ਮੈਸੇਜ ਭੇਜ ਕੇ ਡਰੋਨਾਂ ਰਾਹੀਂ ਨਸ਼ੀਲੇ ਪਦਾਰਥ, ਮਾਰੂ ਹਥਿਆਰ ਆਦਿ ਮੰਗਵਾਏ ਜਾਂਦੇ ਸਨ ਜਿਨ੍ਹਾਂ ਨੂੰ ਉਹ ਸੂਬੇ ਵਿੱਚ ਹੋਰਨਾਂ ਥਾਵਾਂ ’ਤੇ ਸਪਲਾਈ ਕਰਦੇ ਸਨ| ਐੱਸਐੱਸਪੀ ਨੇ ਕਿਹਾ ਕਿ ਫ਼ਰਾਰ ਸਮਗਲਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ|
ਅਫ਼ੀਮ ਅਤੇ ਡਰੱਗ ਮਨੀ ਸਣੇ ਇੱਕ ਗ੍ਰਿਫ਼ਤਾਰ
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਪੁਲੀਸ ਵੱਲੋਂ ਇਕ ਵਿਅਕਤੀ ਨੂੰ 150 ਗ੍ਰਾਮ ਅਫੀਮ ਅਤੇ 35,930 ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਦੀਪ ਸਿੰਘ ਨੇ ਦੱਸਿਆ ਏਐੱਸਆਈ ਰਵਿੰਦਰ ਸਿੰਘ ਸਮੇਤ ਪੁਲੀਸ ਪਾਰਟੀ ਵੱਲੋਂ ਗਸ਼ਤ ਦੌਰਾਨ ਅਲਾਵਲਪੁਰ ਮੋੜ ਉਤੇ ਕਮਲ ਕੁਮਾਰ ਪੁੱਤਰ ਗੋਪੀ ਰਾਮ ਵਾਸੀ ਮੁਹੱਲਾ ਗਾਂਧੀ ਨਗਰ ਆਦਮਪੁਰ ਜੋ ਆਪਣੇ ਘਰ ਵਿੱਚ ਅਫ਼ੀਮ ਵੇਚਣ ਦਾ ਧੰਦਾ ਵੱਡੇ ਪੱਧਰ ’ਤੇ ਕਰਦਾ ਸੀ, ਨੂੰ 150 ਸੌ ਗਰਾਮ ਅਫੀਮ ਅਤੇ 35,930 ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਕੇ ਥਾਣਾ ਆਦਮਪੁਰ ਵਿਖੇ ਮੁਕੱਦਮਾ ਦਰਜ ਕੀਤਾ ਹੈ।
98 ਗ੍ਰਾਮ ਹੈਰੋਇਨ ਸਮੇਤ ਚਾਰ ਕਾਬੂ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਸੀ.ਆਈ.ਏ ਸਟਾਫ ਵਲੋਂ 60 ਗ੍ਰਾਮ ਹੈਰੋਇਨ ਸਮੇਤ 1 ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇੰਚਾਰਜ਼ ਸੀ.ਆਈ.ਏ ਸਟਾਫ ਅੰਮ੍ਰਿਤਸਰ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਹੈ ਕਿ ਐਸ.ਆਈ ਅਰਜੁਨ ਕੁਮਾਰ, ਏ.ਐਸ.ਆਈ ਮਨਜਿੰਦਰ ਸਿੰਘ ਨੇ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਕਥਿਤ ਦੋਸ਼ੀ ਸ਼ਮਸ਼ੇਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਪੱਤੀ ਜ਼ਲਾਲ ਦੀ ਨੇੜੇ ਪਾਣੀ ਵਾਲੀ ਟੈਂਕੀ ਤਰਨ ਤਾਰਨ ਰੋਡ ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 60 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।ਇਸੇ ਦੌਰਾਨ ਥਾਣਾ ਮਕਬੂਲਪੁਰਾ ਵਲੋਂ ਮੁਲਜ਼ਮ ਹਰਜੀਤ ਸਿੰਘ ਉਰਫ ਰਘੂ ਪੁੱਤਰ ਹਰਦੀਪ ਸਿੰਘ ਵਾਸੀ ਗਲੀ ਨੰਬਰ 8 ਮਕਬੂਲਪੁਰਾ ਅੰਮ੍ਰਿਤਸਰ ਨੁੰ ਕਾਬੂ ਕਰਕੇ ਉਸ ਪਾਸੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਥਾਣਾ ਕੋਟ ਖਾਲਸਾ ਨੇ 12 ਗ੍ਰਾਮ ਹੈਰੋਇਨ ਸਮੇਤ 1 ਮੁਲਜ਼ਮ ਸੋਨੂੰ ਸਿੰਘ ਉਰਫ਼ ਸੋਨੂੰ ਪੁੱਤਰ ਬੂਟਾ ਸਿੰਘ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਹੈ।ਥਾਣਾ ਸੀ-ਡਵੀਜ਼ਨ ਵਲੋਂ ਵਿਸ਼ਾਲ ਕੁਮਾਰ ਉਰਫ਼ ਬਿੱਲੂ ਪੁੱਤਰ ਦਵਿੰਦਰ ਕੁਮਾਰ ਵਾਸੀ ਗਲੀ ਪਿੱਪਲ ਪੀਰ ਵਾਲੀ ਮੇਨ ਬਜ਼ਾਰ ਗੁਜਰਪੁਰਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਸ ਪਾਸੋਂ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।