ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਫਰਵਰੀ
ਸੰਯੁਕਤ ਕਿਸਾਨ ਮੋਰਚੇ ਵਿੱਚ ਸਰਗਰਮ ਜ਼ਿਲ੍ਹੇ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੇ ਅੱਜ ਸ਼ਾਮ ਇਥੇ ਭੰਡਾਰੀ ਪੁਲ ’ਤੇ ਇਕੱਠੇ ਹੋ ਕੇ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਲਗਪਗ 235 ਕਿਸਾਨਾਂ ਅਤੇ ਪੁਲਵਾਮਾ ਦੇ ਸ਼ਹੀਦ ਫ਼ੌਜੀਆਂ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਜਥੇਬੰਦੀਆਂ ਦੇ ਬੁਲਾਰਿਆਂ ਨੇ ਆਖਿਆ ਕਿ ਜਦੋਂ ਭਾਜਪਾ ਕੇਂਦਰ ਵਿੱਚ ਵਿਰੋਧੀ ਧਿਰ ਸੀ, ਉਸ ਵੇਲੇ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੀ ਸੀ ਪਰ ਅੱਜ ਇਸ ਨੇ ਹੀ ਖੇਤੀ ਕਾਨੂੰਨ ਲਾਗੂ ਕਰ ਦਿੱਤੇ ਹਨ। ਕਿਸਾਨ ਆਗੂਆਂ ਨੇ ਆਖਿਆ ਕਿ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਜਿਸ ਦਾ ਬੋਝ ਕਿਸਾਨਾਂ ਅਤੇ ਆਮ ਲੋਕਾਂ ’ਤੇ ਪੈ ਰਿਹਾ ਹੈ। ਇਸ ਦੌਰਾਨ ਕਿਸਾਨਾਂ ਨੇ ਅਹਿਦ ਕੀਤਾ ਕਿ ਕਿਸਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਣ ਦਿੱਤੀ ਜਾਵੇਗੀ। ਕਿਸਾਨ ਸੰਘਰਸ਼ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਮੋਦੀ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਅਤੇ ਐੱਮਐੱਸਪੀ ਲਈ ਨਵਾਂ ਕਾਨੂੰਨ ਨਹੀਂ ਬਣਾਇਆ ਜਾਂਦਾ। ਸ਼ਰਧਾਂਜਲੀਆਂ ਦੇਣ ਵਾਲਿਆਂ ਵਿੱਚ ਕਿਸਾਨ ਆਗੂ ਹਰਜੀਤ ਸਿੰਘ ਝੀਤੇ, ਦਵਿੰਦਰ ਸਿੰਘ, ਬਲਵਿੰਦਰ ਦੁਧਾਲਾ, ਧਨਵੰਤ ਸਿੰਘ ਖਤਰਾਏ ਕਲਾਂ, ਸੁੱਚਾ ਸਿੰਘ ਅਜਨਾਲਾ, ਸਤਨਾਮ ਸਿੰਘ, ਬਚਿੱਤਰ ਸਿੰਘ, ਕੰਵਲਜੀਤ ਕੌਰ, ਰਤਨ ਸਿੰਘ ਰੰਧਾਵਾ ਤੇ ਹੋਰ ਸ਼ਾਮਲ ਸਨ।