ਅੰਮ੍ਰਿਤਸਰ (ਟ੍ਰਿਬਿਊਨ ਨਿਉੂਜ਼ ਸਰਵਿਸ): ਸਥਾਨਕ ਮਜੀਠਾ ਰੋਡ ਦੇ ਇਕ ਗੁਰਦੁਆਰੇ ਵਿੱਚ ਕਥਿਤ ਬੇਅਦਬੀ ਦੀ ਘਟਨਾ ਦੇ ਮਾਮਲੇ ਵਿੱਚ ਪੁਲੀਸ ਨੇ ਜਿਸ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਉਹ ਨਾਬਾਲਗ ਤੇ ਮਨੋਰੋਗੀ ਵੀ ਹੈ। ਪੁਲੀਸ ਨੇ ਉਸ ਖ਼ਿਲਾਫ਼ ਆਈਪੀਸੀ ਦੀ ਧਾਰਾ 295 ਅਤੇ 380 ਹੇਠ ਕੇਸ ਦਰਜ ਕੀਤਾ ਹੈ। ਇਸ ਨੌਜਵਾਨ ਦੀ ਸ਼ਨਾਖਤ ਮਜੀਠਾ ਰੋਡ ਦੀ ਇੰਦਰਾ ਕਲੋਨੀ ਦੇ ਵਾਸੀ ਵਜੋਂ ਹੋਈ ਹੈ। ਉਸ ਦੇ ਪਰਿਵਾਰ ਵਾਲਿਆਂ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਸਥਾਨਕ ਡਾ. ਵਿੱਦਿਆ ਸਾਗਰ ਮਨੋਰੋਗ ਹਸਪਤਾਲ ਵਿਚੋਂ ਪਿਛਲੇ ਕੁਝ ਸਮੇਂ ਤੋਂ ਇਲਾਜ ਚੱਲ ਰਿਹਾ ਹੈ। ਥਾਣਾ ਮੁਖੀ ਮੋਹਿਤ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਰਿਵਾਰ ਨੇ ਕੁਝ ਮੈਡੀਕਲ ਦਸਤਾਵੇਜ਼ ਪੇਸ਼ ਕੀਤੇ ਹਨ। ਪਰਿਵਾਰ ਨੇ ਦੱਸਿਆ ਕਿ ਉਹ ਚੁੱਪ-ਚੁਪੀਤੇ ਘਰੋਂ ਚਲਾ ਗਿਆ ਸੀ। ਨੌਜਵਾਨ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਤਾਂ ਕਿ ਉਸ ਦੀ ਮਾਨਸਿਕ ਹਾਲਤ ਦਾ ਪਤਾ ਲਾਇਆ ਜਾ ਸਕੇ।