ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 20 ਅਪਰੈਲ
‘ਕਹਾਣੀ ਵਾਲੀ ਅੰਮ੍ਰਿਤਾ’ ਨਾਟਕ ਦੀ ਸਫ਼ਲ ਪੇਸ਼ਕਾਰੀ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਤਿੰਨ ਰੋਜ਼ਾ ਰੰਗਮੰਚ ਉਤਸਵ -2020 ਸ਼ੁਰੂ ਹੋ ਗਿਆ। ਅੰਮ੍ਰਿਤਾ ਪ੍ਰੀਤਮ ਦੀਆਂ ਚਾਰ ਕਹਾਣੀਆਂ ਦੇ ਆਧਾਰ ’ਤੇ ਪੇਸ਼ ਕੀਤੇ ਗਏ ਨਾਟਕ ‘ਔਰਤ ਜਾਤ ਦੀ ਹੋਣੀ’ ਨੂੰ ਮਾਰਮਿਕ ਢੰਗ ਨਾਲ ਪੇਸ਼ ਕੀਤਾ ਗਿਆ। ਵਿਦਿਆਰਥੀ ਕਲਾਕਾਰਾਂ ਦੀ ਇਸ ਪਹਿਲੀ ਪੇਸ਼ਕਾਰੀ ਨਾਲ ਵਿਦਿਆਰਥੀਆਂ ਦੇ ਅੰਦਰਲੀ ਕਲਾ ਪ੍ਰਤਿਭਾ ਨੇ ਦਰਸ਼ਕਾਂ ਦਾ ਦਿਲ ਮੋਹ ਲਿਆ। ਤਿੰਨ ਦਿਨਾ ਇਸ ਫੈਸਟੀਵਲ ਦਾ ਪ੍ਰਬੰਧ ਯੂਨੀਵਰਸਿਟੀ ਦੇ ਡਰਾਮਾ ਕਲੱਬ ਵੱਲੋਂ ਪੰਜਾਬੀ ਲੋਕ ਕਲਾ ਕੇਂਦਰ, ਗੁਰਦਾਸਪੁਰ ਅਤੇ ਆਵਾਜ਼ ਰੰਗਮੰਚ ਟੋਲੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਰੰਗਮੰਚ ਮੇਲੇ ਦਾ ਉਦਘਾਟਨ ਕੀਤਾ। ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਮੁੜ ਤੋਂ ਸ਼ਾਮ ਨੂੰ ਨਾਟਕ ਪੇਸ਼ ਕਰਨ ਦਾ ਸਿਲਸਿਲਾ ਸ਼ੁਰੂ ਕਰਨ ’ਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ। ਅੰਮ੍ਰਿਤਾ ਪ੍ਰੀਤਮ ਦੀਆਂ 4 ਕਹਾਣੀਆਂ ’ਤੇ ਆਧਾਰਿਤ ਨਾਟਕ ‘ਕਹਾਣੀ ਵਾਲੀ ਅੰਮ੍ਰਿਤਾ’ ਦਾ ਨਿਰਦੇਸ਼ਨ ਨਵਨੀਤ ਰਾਮਧੇਕੇ ਅਤੇ ਕੰਵਲ ਰੰਧੇ ਨੇ ਕੀਤਾ।