ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 13 ਫਰਵਰੀ
ਅੰਮ੍ਰਿਤਸਰ ਸਾਹਿਤ ਉਤਸਵੇ ਦੇ ਦੂਜੇ ਦਿਨ ਦੇ ਪਹਿਲੇ ਸਮਾਗਮ ਵਿਚ ਭਾਸ਼ਾ: ਸਿਧਾਂਤ ਅਤੇ ਪਾਸਾਰ ਵਿਸ਼ੇ ’ਤੇ ਸੈਮੀਨਾਰ ਹੋਇਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਦੁਨੀਆਂ ਨੂੰ ਇਕ ਵੱਡੇ ਬਦਲ ਦੀ ਲੋੜ ਹੈ ਅਤੇ ਇਹ ਬਦਲ ਮੁਹੱਬਤ ਅਤੇ ਪ੍ਰੇਮ ਆਧਾਰਤ ਭਾਸ਼ਾ ਸਿਰਜ ਕੇ ਹੀ ਕੀਤਾ ਜਾ ਸਕਦਾ ਹੈ। ਇਹ ਉਤਸਵ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਵਿਸ਼ੇਸ਼ ਨਾਲ ਖਾਲਸਾ ਕਾਲਜ ਫਾਰ ਵਿਮੈਨ ਦੇ ਵਿਹੜੇ ਵਿਚ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਏ ਸਾਹਿਤ ਪ੍ਰੇਮੀ, ਅਕਾਦਮਿਕ ਅਤੇ ਖੋਜ ਅਦਾਰਿਆਂ ਦੇ ਵਿਦਵਾਨ, ਖੋਜਾਰਥੀ ਅਤੇ ਵਿਦਿਆਰਥੀ ਹਿੱਸਾ ਲੈ ਰਹੇ ਹਨ।
ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਕੱਤਰ ਡਾ. ਰਵੇਲ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪੰਜਾਬ ਤਕ ਹੀ ਮਹਿਦੂਦ ਨਾ ਰੱਖਿਆ ਜਾਵੇ। ਸਾਹਿਤ ਅਕਾਦਮੀ ਵਲੋਂ ਸਨਮਾਨਿਤ ਸਾਹਿਤਕਾਰ ਖ਼ਾਲਿਦ ਹੁਸੈਨ ਨੇ ਕਿਹਾ ਕਿ ਪੰਜਾਬ ਦੀਆਂ ਉਪ ਬੋਲੀਆਂ ਜਿਵੇਂ ਕਿ ਪੋਠੋਹਾਰੀ, ਡੋਗਰੀ, ਪਹਾੜੀ ਆਦਿ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਸਮੇਂ ਦੀ ਲੋੜ ਹੈ ਤੇ ਦੋਵਾਂ ਪੰਜਾਬਾਂ ਨੂੰ ਦੋਵੇਂ ਲਿਪੀਆਂ ਜ਼ਰੂਰ ਸਿਖਣੀਆਂ ਚਾਹੀਦੀਆਂ ਹਨ। ਆਪਣੇ ਖੋਜ ਪਰਚੇ ਵਿਚ ਡਾ. ਚਰਨਦੀਪ ਸਿੰਘ ਨੇ ਮਾਤਾ ਭਾਸ਼ਾ ਦੇ ਵੱਖ-ਵੱਖ ਪਾਸਾਰਾਂ ਨੂੰ ਉਜਾਗਰ ਕਰਦਿਆਂ ਲਿਪੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਦਿੱਲੀ ਯੂਨੀਵਰਸਿਟੀ ਤੋਂ ਹਰਕਮਲਪ੍ਰੀਤ ਸਿੰਘ ਨੇ ਭਾਸ਼ਾ ਦੇ ਸਿਰਜਣਾਤਮਕ ਪਾਸਾਰ ਦਾ ਜ਼ਿਕਰ ਕੀਤਾ। ਸੰਦੀਪ ਸ਼ਰਮਾ ਨੇ ਕਾਵਿ ਭਾਸ਼ਾ ਵਿਚ ਲੈਅ, ਸੰਗੀਤਕਤਾ ਅਤੇ ਪਰਗੀਤਕਤਾ ਰਾਹੀਂ ਕਾਵਿਕ ਭਾਸ਼ਾ ਦੀਆਂ ਵੱਖੋ ਵੱਖਰੀਆਂ ਸ਼ੈਲੀਆਂ ’ਤੇ ਰੌਸ਼ਨੀ ਪਾਈ। ਸੁਆਮੀ ਅੰਤਰਨੀਰਵ ਦੀ ਕਾਵਿ ਪੁਸਤਕ ‘ਨਹੀਂ’ ’ਤੇ ਆਲੋਚਕ ਡਾ. ਮਨਮੋਹਨ ਨੇ ਕਿਹਾ ਕਿ ਗਿਆਨ ਦੀ ਪਹਿਲੀ ਪੌੜੀ ਨਹੀਂ ਤੋਂ ਸ਼ੁਰੂ ਹੁੰਦੀ ਹੈ। ‘ਹੈ’ ਨੂੰ ਜਾਨਣ ਲਈ ਨਹੀਂ ਤੋਂ ਸ਼ੁਰੂਆਤ ਕਰਨੀ ਜ਼ਰੂਰੀ ਹੈ। ਮੁੱਖ ਮਹਿਮਾਨ ਦੇਸ ਰਾਜ ਕਾਲੀ ਨੇ ਉਨ੍ਹਾਂ ਦੀ ਕਵਿਤਾ ਵਿਚ ਵਰਤੇ ਗਏ ਪਾਤਰਾਂ ’ਤੇ ਚਰਚਾ ਕੀਤੀ।