ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 8 ਜੂਨ
ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ 106 ਯੋਗ ਲਾਭਪਾਤਰੀਆਂ ਨੂੰ ਆਪਣੇ ਨਵੇਂ ਮਕਾਨ ਬਣਾਉਣ ਜਾਂ ਮਕਾਨਾਂ ਦੀ ਉਸਾਰੀ ਦੇ ਵਿੱਚ ਵਾਧੇ ਲਈ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦੀ ਕਿਸ਼ਤ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਨ ਸਬੰਧੀ ਪੱਤਰ ਸੌਂਪੇ ਗਏ। ਮੇਅਰ ਰਿੰਟੂ ਨੇ ਦੱਸਿਆ ਕਿ ਇਹ ਵਿੱਤੀ ਸਹਾਇਤਾ ਉਨ੍ਹਾਂ ਗਰੀਬ ਪਰਿਵਾਰਾਂ ਲਈ ਹੈ, ਜਿਨ੍ਹਾਂ ਕੋਲ ਆਪਣਾ ਘਰ ਬਣਾਉਣ ਵਾਸਤੇ ਕੋਈ ਵਸੀਲਾ ਨਹੀਂ ਹੈ ਜਾਂ ਜਿਨ੍ਹਾਂ ਦੀਆਂ ਪੁਰਾਣੇ ਬਾਲਿਆਂ ਦੀਆਂ ਛੱਤਾਂ ਹਨ। ਉਨ੍ਹਾਂ ਕਿਹਾ ਕਿ ਅੱਜ ਲਗਭਗ 40.21 ਲੱਖ ਰੁਪਏ ਦੀ ਰਾਸ਼ੀ ਦੀ ਗਰਾਂਟ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਭੇਜਣ ਦੇ ਪੱਤਰ ਦਿੱਤੇ ਗਏ ਹਨ। ਹੁਣ ਤੱਕ 1746 ਲਾਭਪਾਤਰੀਆਂ ਨੂੰ ਪਹਿਲੀ ਕਿਸ਼ਤ ਅਤੇ 348 ਲਾਭਪਾਤਰੀਆਂ ਨੂੰ ਦੂਸਰੀ ਕਿਸ਼ਤ, 122 ਲਾਭਪਾਤਰੀਆਂ ਨੂੰ ਤੀਜੀ ਕਿਸ਼ਤ ਅਤੇ 13 ਲਾਭਪਾਤਰੀਆਂ ਨੂੰ ਚੌਥੀ ਕਿਸ਼ਤ ਵਜੋਂ ਕੁਲ ਮਿਲਾ ਕੇ ਲਗਭਗ 7.11 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ।
ਮੇਅਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਮੁਤਾਬਕ ਲੋਕ ਹਿੱਤਕਾਰੀ ਯੋਜਨਾਵਾਂ ਦੇ ਸਾਰੇ ਲਾਭ ਹਰ ਲੋੜਵੰਦ ਤੱਕ ਪਹੁੰਚਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪ੍ਰਾਰਥੀਆਂ ਦੇ ਕੇਸ ਬਾਕੀ ਰਹਿ ਗਏ ਹਨ, ਉਨ੍ਹਾਂ ਨੂੰ ਵੀ ਜਲਦ ਤੋਂ ਜਲਦ ਪਾਸ ਕਰਨ ਲਈ ਕਹਿ ਦਿੱਤਾ ਗਿਆ ਹੈ।
ਇਸ ਮੌਕੇ ਲਖਵਿੰਦਰ ਸਿੰਘ, ਸਕੱਤਰ ਵਿਸ਼ਾਲ ਵਧਾਵਨ, ਸੁਪਰਡੈਂਟ ਲਵਲੀਨ ਸ਼ਰਮਾ, ਵਰਿੰਦਾ ਮਹਾਜਨ ਅਤੇ ਵੱਡੀ ਗਿਣਤੀ ’ਚ ਲਾਭਪਾਤਰੀ ਮੌਜੂਦ ਸਨ।