ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਅਕਤੂਬਰ
ਅੰਮ੍ਰਿਤਸਰ ਵਾਸੀ ਰੂਹਾਨੀ ਵਰਮਾ ਨੇ ਇੱਥੇ ਸਥਾਨਕ ਹਵਾਈ ਅੱਡੇ ਵਿਖੇ ਪਲਾਸਟਿਕ ਦੀਆਂ ਤਿਆਰ ਕੀਤੀਆਂ ਇੱਟਾਂ ਨਾਲ ਇਕ ਜਨਤਕ ਪਖਾਨਾ ਬਣਾਇਆ ਹੈ। ਇਸ ਪਖਾਨੇ ਦੀ ਸ਼ੁਰੂਆਤ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤੀ ਹੈ।
ਇਹ ਜਨਤਕ ਪਖਾਨਾ ਹਵਾਈ ਅੱਡੇ ਦੇ ਪਾਰਕਿੰਗ ਖੇਤਰ ਵਿੱਚ ਤਿਆਰ ਕੀਤਾ ਗਿਆ ਹੈ । ਰੂਹਾਨੀ ਵਰਮਾ ਜੋ ਕਿ ਜੈਪੁਰ ਦੇ ਇਕ ਸਕੂਲ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹੈ, ਨੇ ਦੱਸਿਆ ਕਿ ਇਹ ਜਨਤਕ ਪਖਾਨਾ ਸੌ ਫ਼ੀਸਦ ਮੁੜ ਵਰਤੋਂ ਵਾਲੇ ਪਲਾਸਟਿਕ ਨਾਲ ਤਿਆਰ ਕੀਤੀਆਂ ਇੱਟਾਂ ਦਾ ਬਣਿਆ ਹੈ ਅਤੇ ਇਹ ਦੇਸ਼ ਦਾ ਪਹਿਲਾ ਅਜਿਹਾ ਜਨਤਕ ਪਖਾਨਾ ਹੈ। ਇਸ ਜਨਤਕ ਪਖਾਨੇ ਨੂੰ ਸਵੱਛਾਲਿਆ ਦਾ ਨਾਂ ਦਿੱਤਾ ਗਿਆ ਹੈ, ਜਿਸ ਦਾ ਨਿਰਮਾਣ ਉਸ ਨੇ ਸਵੱਛ ਭਾਰਤ ਮਿਸ਼ਨ ਤਹਿਤ ਕੀਤਾ ਹੈ। ਉਸ ਨੇ ਦਾਅਵਾ ਕੀਤਾ ਕਿ ਇਹ ਵਾਤਾਵਰਨ ਪੱਖੀ ਹੈ। ਇਸ ਵਾਸਤੇ ਬਣਾਈਆਂ ਇੱਟਾਂ ਵਿੱਚ 30 ਫ਼ੀਸਦ ਇੱਕ ਵਾਰੀ ਵਰਤੋਂ ਵਾਲਾ ਪਲਾਸਟਿਕ ਅਤੇ 70 ਫ਼ੀਸਦ ਸਿਲਿਕਾ ਡਸਟ ਦੀ ਰਹਿੰਦ ਖੂੰਹਦ ਹੈ। ਇਸ ਮੌਕੇ ਹਵਾਈ ਅੱਡੇ ਦੇ ਡਾਇਰੈਕਟਰ ਵੀ.ਕੇ. ਸੇਠ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।