ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਅਗਸਤ
ਰਾਜਾਸਾਂਸੀ ਹਲਕੇ ਦੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਸ ਨਾਲ ਇਸ ਹਲਕੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਛੱਡਣ ਵਾਲੇ ਆਗੂਆਂ ਵਿੱਚ ਚੇਅਰਮੈਨ ਮਾਰਕੀਟ ਕਮੇਟੀ ਚੌਗਾਵਾਂ ਤੇ ਚੇਅਰਮੈਨ ਸਪੋਰਟਸ ਸੈੱਲ ਪੰਜਾਬ ਦੇ ਕਸ਼ਮੀਰ ਸਿੰਘ ਖਿਆਲਾ ਦੀ ਅਗਵਾਈ ਵਿੱਚ 31 ਮੌਜੂਦਾ ਸਰਪੰਚ, 5 ਸਾਬਕਾ ਸਰਪੰਚ ਅਤੇ ਵੱਡੀ ਗਿਣਤੀ ਵਿੱਚ ਬਲਾਕ ਸਮਿਤੀ ਦੇ ਮੈਂਬਰ ਸ਼ਾਮਲ ਹਨ। ਇਨ੍ਹਾਂ ਸਾਰਿਆ ਨੂੰ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ‘ਆਪ’ ਵਿੱਚ ਸ਼ਾਮਲ ਹੋਣ ’ਤੇ ਜੀ ਆਇਆ ਆਖਿਆ।
ਸ੍ਰੀ ਧਾਲੀਵਾਲ ਨੇ ਪੱਤਰਕਾਰ ਸੰਮੇਲਨ ਦੌਰਾਨ ਆਖਿਆ ਕਿ ਪਿਛਲੇ 5 ਮਹੀਨਿਆਂ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕਪੱਖੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ‘ਆਪ’ ਦਾ ਮੁੱਖ ਮਕਸਦ ਪੰਜਾਬ ਹਿਤੈਸ਼ੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਅਤੇ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਕਰਕੇ ਹੀ ਭ੍ਰਿਸ਼ਟਾਚਾਰ ਕਾਰਨ ਪੰਜਾਬ ਦਾ ਮਾੜਾ ਹਾਲ ਹੋਇਆ ਹੈ।
ਬੇਅਦਬੀ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਕੀਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਹੁਣ ਸਿੱਟ ਵੱਲੋਂ ਕੀਤਾ ਜਾਣਾ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚੋਣਾਂ ਦੌਰਾਨ ਜੋ ਗਾਰੰਟੀਆਂ ਦਿੱਤੀਆਂ ਸਨ, ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ 9 ਹਜ਼ਾਰ ਏਕੜ ਤੋਂ ਵੱਧ ਪੰਚਾਇਤੀ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਈ ਗਈ ਅਤੇ ਲਗਪਗ 5 ਹਜ਼ਾਰ ਏਕੜ ਜ਼ਮੀਨ ਹੋਰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣੀ ਬਾਕੀ ਹੈ।
ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋੋਣ ਵਾਲਿਆਂ ਵਿੱਚ ਸੁਖਦੇਵ ਸਿੰਘ ਸਾਬਕਾ ਚੇੇਅਰਮੈਨ ਮਾਰਕੀਟ ਕਮੇਟੀ ਅਟਾਰੀ, ਰਤਨ ਸਿੰਘ ਚੇਅਰਮੈਨ ਬਲਾਕ ਸਮਿਤੀ ਹਰਛਾ ਛੀਨਾ, ਹਰਪਾਲ ਸਿੰਘ ਬਲਾਕ ਸਮਿਤੀ ਮੈਂਬਰ ਕੋਟਲਾ ਡੂਮ, ਨਰਿੰਦਰ ਸਿੰਘ ਬਲਾਕ ਸਮਿਤੀ ਮੈਂਬਰ ਛਿੱਡਣ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ, ਜਸਬੀਰ ਸਿੰਘ, ਸ਼ਮਸ਼ੇਰ ਸਿੰਘ, ਕਾਲਾ ਸਿੰਘ, ਤੇਜਬੀਰ ਸਿੰਘ ਮਾਨ ਸਰਪੰਚ ਬੱਗਾ, ਸਵਿੰਦਰ ਸਿੰਘ ਦੂਲਾ ਪਿੰਡ ਓਠੀਆਂ, ਨਿਸ਼ਾਨ ਸਿੰਘ ਪਿੰਡ ਕੋਟਲਾ ਡੂਮ, ਸਰਤਾਜ ਸਿੰਘ ਪਿੰਡ ਖਿਆਲਾ ਖੁਰਦ, ਗੁਰਪ੍ਰੀਤ ਸਿੰਘ ਪਿੰਡ ਚਵਿੰਡਾ ਕਲਾਂ, ਪਰਮਜੀਤ ਸਿੰਘ ਪਿੰਡ ਬੱਗਾ ਖੁਰਦ, ਸਰਬਜੀਤ ਸਿੰਘ ਪਿੰਡ ਧਾਰੀਵਾਲ, ਜਗਤਾਰ ਸਿੰਘ ਪਿੰਡ ਉਮਰਪੁਰਾ, ਮੇਜਰ ਸਿੰਘ ਪਿੰਡ ਛੀਨਾ ਕਰਮ ਸਿੰਘ, ਗੁਰਜੰਟ ਸਿੰਘ ਪਿੰਡ ਚੱਕ ਕਮਾਲ ਖਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਲਾਕ ਸੰਮਤੀ ਮੈਂਬਰਾਂ ਤੋਂ ਇਲਾਵਾ ਹਲਕਾ ਰਾਜਾਸਾਂਸੀ ਦੇ ਲੋਕ ਸ਼ਾਮਲ ਹੋਏ।