ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਜਨਵਰੀ
ਪਿਛਲੇ ਕੁਝ ਦਿਨਾਂ ਤੋਂ ਬੱਦਲਵਾਈ ਅਤੇ ਮੀਂਹ ਦਾ ਸਿਲਸਿਲਾ ਅੱਜ ਵੀ ਨਿਰੰਤਰ ਜਾਰੀ ਰਿਹਾ, ਜਿਸ ਨਾਲ ਸ਼ੀਤ ਦਾ ਪ੍ਰਕੋਪ ਵੀ ਨਿਰੰਤਰ ਬਣਿਆ ਹੋਇਆ ਹੈ। ਮੀਂਹ ਅਤੇ ਠੰਢ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਅੱਜ ਸਵੇਰ ਤੋਂ ਹੀ ਹਲਕੀ ਕਿਣ ਮਿਣ ਜਾਰੀ ਹੈ, ਜੋ ਦੇਰ ਸ਼ਾਮ ਤਕ ਵੀ ਜਾਰੀ ਹੈ। ਇਸ ਦੌਰਾਨ ਵਿਚਾਲੇ ਕਈ ਵਾਰ ਮੋਹਲੇਧਾਰ ਮੀਂਹ ਵੀ ਪਿਆ ਹੈ।ਬੱਦਲਵਾਈ ਅਤੇ ਮੀਂਹ ਦੇ ਨਿਰੰਤਰ ਸਿਲਸਿਲੇ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਆਵਾਜਾਈ ਦੀ ਰਫ਼ਤਾਰ ਸੁਸਤ ਰਹੀ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਹਟ-ਹਟ ਕੇ ਹੋ ਰਹੀ ਹਲਕੀ ਬਾਰਿਸ਼ ਤੋਂ ਬਾਅਦ ਅੱਜ ਚੌਥੇ ਦਿਨ ਭਾਰੀ ਬਾਰਿਸ਼ ਹੋਈ, ਜਿਸ ਨਾਲ ਬਲਾਚੌਰ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਨੀਂਵੇਂ ਇਲਾਕਿਆਂ ਵਿੱਚ ਪਾਣੀ ਭਰਨ ਨਾਲ ਜਨ-ਜੀਵਨ ਅਸਤ ਵਿਅਸਤ ਹੋ ਗਿਆ। ਤਹਿਸੀਲ ਕੰਪਲੈਕਸ ਵਿੱਚ ਪਾਣੀ ਭਰਨ ਨਾਲ ਕੰਮਾਂ-ਕਾਰਾਂ ਲਈ ਆਏ ਹੋਏ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ) ਪਿਛਲੇ ਦੋ ਤਿੰਨ ਦਿਨ ਤੋਂ ਹੋ ਰਹੀ ਦਰਮਿਆਨੀ ਬਾਰਸ਼ ਕਾਰਨ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕ ਆ ਗਈ ਹੈ। ਮਾਹਿਰਾਂ ਅਨੁਸਾਰ ਇਹ ਬਾਰਸ਼ ਫਸਲਾਂ ਵਾਸਤੇ ਬਹੁਤ ਲਾਭਦਾਇਕ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਜੰਡਿਆਲਾ ਗੁਰੂ ਦੇ ਐਗਰੀਕਲਚਰ ਡਿਵੈੱਲਪਮੈਂਟ ਅਫਸਰ ਲਵਪ੍ਰੀਤ ਸਿੰਘ ਨੇ ਦੱਸਿਆ ਇਹ ਜੋ ਹਲਕੀ ਦਰਮਿਆਨੀ ਬਾਰਸ਼ ਪਿਛਲੇ ਦੋ ਤਿੰਨ ਦਿਨਾਂ ਤੋਂ ਹੋ ਰਹੀ ਹੈ ਇਹ ਫਸਲਾਂ ਵਾਸਤੇ ਬਹੁਤ ਹੀ ਲਾਭਕਾਰੀ ਹੈ। ਉਨ੍ਹਾਂ ਕਿਹਾ ਇਸ ਨਾਲ ਕਣਕ ਦਾ ਝਾੜ ਵਧੇਗਾ ਅਤੇ ਹੋਰ ਬਾਕੀ ਫਸਲਾਂ ਲਈ ਵੀ ਇਹ ਬਹੁਤ ਲਾਭਦਾਇਕ ਹੈ ਤੇ ਇਸ ਨਾਲ ਖੇਤਾਂ ਵਿੱਚ ਕਿਸੇ ਤਰ੍ਹਾਂ ਦੀ ਬਿਮਾਰੀ ਜਾਂ ਹੋਰ ਸੁੰਡੀ ਲੱਗਣ ਦਾ ਖ਼ਤਰਾ ਵੀ ਬਹੁਤ ਘਟ ਜਾਂਦਾ ਹੈ। ਇਸ ਦੇ ਨਾਲ ਹੀ ਲਗਾਤਾਰ ਹੋ ਰਹੀ ਬਾਰਸ਼ ਕਾਰਨ ਬਾਜ਼ਾਰਾਂ ਵਿੱਚ ਦੁਕਾਨਾਂ ਉੱਪਰ ਬਹੁਤ ਘੱਟ ਰੌਣਕ ਦੇਖਣ ਨੂੰ ਮਿਲੀ ਮਨੁੱਖੀ ਸਿਹਤ ਸਬੰਧੀ ਬਾਰਸ਼ ਦਾ ਅਸਰ ਦੱਸਦਿਆਂ ਹੋਇਆਂ ਐੱਸਐੱਮਓ ਮਾਨਾਂਵਾਲਾ ਡਾ. ਸੁਮੀਤ ਸਿੰਘ ਨੇ ਕਿਹਾ ਇਹ ਜੋ ਲਗਾਤਾਰ ਬਾਰਸ਼ ਹੋ ਰਹੀ ਹੈ ਇਸ ਨਾਲ ਮੁਆਈਸਚਰ ਵੱਧਦਾ ਹੈ ਅਤੇ ਖੰਘ, ਜ਼ੁਕਾਮ ਅਤੇ ਹੋਰ ਵਾਇਰਲ ਇਨਫੈਕਸ਼ਨ ਦਾ ਖਤਰਾ ਵੀ ਵਧ ਜਾਂਦਾ ਹੈ। ਸੋ ਇਸ ਲਈ ਬਾਰਸ਼ ਵਿੱਚ ਭਿੱਜਣ ਤੋਂ ਬਚਿਆ ਜਾਵੇ ਅਤੇ ਆਪਣੇ ਆਪ ਨੂੰ ਠੰਢ ਤੋਂ ਬਚਾ ਕੇ ਰੱਖਿਆ ਜਾਵੇ।
ਆਲੂ ਬਚਾਉਣ ਲਈ ਖੇਤਾਂ ’ਚੋਂ ਪਾਣੀ ਤੁਰੰਤ ਬਾਹਰ ਕੱਢਣ ਦੀ ਮੰਗ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਡਿਪਟੀ ਡਾਇਰੈਕਟਰ ਬਾਗਬਾਨੀ ਜਲੰਧਰ ਡਾ. ਸੁਖਦੀਪ ਸਿੰਘ ਹੁੰਦਲ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਹਾਲ ਦੀ ਘੜੀ ਬਾਗਬਾਨੀ ਫਸਲਾਂ ਖਾਸ ਕਰਕੇ ਆਲੂ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਹੈ ਅਤੇ ਜੇਕਰ ਜ਼ਿਆਦਾ ਬਾਰਿਸ਼ ਕਾਰਨ ਖੇਤਾਂ ਵਿੱਚ ਵਾਧੂ ਪਾਣੀ ਖੜ੍ਹਾ ਹੁੰਦਾ ਹੈ ਤਾਂ ਉਸ ਨੂੰ ਕੱਢਣ ਦਾ ਤੁਰੰਤ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਆਲੂ ਫਸਲ ਨੂੰ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਤੱਕ ਬਾਰਿਸ਼ ਜਾਰੀ ਰਹੇਗੀ