ਅੰਮ੍ਰਿਤਸਰ: ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਦੇ ਦੂਸਰੇ ਦਿਨ ਰਾਜ ਕੰਵਲਪ੍ਰੀਤ ਸਿੰਘ ਲੱਕੀ ਨੇ ਆਪਣੇ ਕਾਰਜ ਸ਼ੁਰੂ ਕਰ ਦਿੱਤੇ ਹਨ। ਲੱਕੀ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਪਸ਼ਟ ਤੌਰ ’ਤੇ ਕਿਹਾ ਹੈ ਕਿ ਸਰਕਾਰੀ ਕੰਮ ਵਿੱਚ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਪਸ਼ਟ ਨਿਰਦੇਸ਼ ਦਿੱਤੇ ਕਿ ਰਾਸ਼ਟਰੀ ਸੈਂਪਲ ਸਰਵੇ, ਪ੍ਰੋਡਕਸ਼ਨ ਡਾਟਾ, ਪੇਂਡੂ ਡਾਇਰੈਕਟਰੀ, ਕਰਮਚਾਰੀਆਂ ਦੀ ਗਣਨਾ, ਪਲਾਨ ਫੰਡ, ਐਮ.ਪੀ ਲੈਂਡ ਸਕੀਮ ਆਦਿ ਨੂੰ ਵਿਸੇਸ਼ ਤੌਰ ’ਤੇ ਸਮਾਂਬੱਧ ਕਰਕੇ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਭਾਗ ਸੂਚਨਾ ਦੇਣ ਵਿੱਚ ਦੇਰੀ ਕਰਦਾ ਹੈ ਤਾਂ ਤੁਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਉਸ ਉਪਰ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਦੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਤੁਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਨਿਪਟਾਰਾ ਕੀਤਾ ਜਾ ਸਕੇ। -ਪੱਤਰ ਪ੍ਰੇਰਕ