ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਫਰਵਰੀ
328 ਪਾਵਨ ਸਰੂਪਾਂ ਦੇ ਮਾਮਲੇ ’ਤੇ ਅੱਜ ਸਿੱਖ ਸਦਭਾਵਨਾ ਦਲ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਇਥੇ ਕੈਬਨਿਟ ਮੰਤਰੀ ਓਪੀ ਸੋਨੀ ਦੇ ਘਰ ਦੇ ਬਾਹਰ ਜ਼ਮੀਰ ਜਗਾਓ ਪੰਥਕ ਹੋਕਾ ਰੂਪੀ ਧਰਨਾ ਦਿੱਤਾ ਗਿਆ ਹੈ, ਜਿਸ ਤਹਿਤ ਉਨ੍ਹਾਂ ਦੇ ਘਰ ਦੇ ਬਾਹਰ ਕੀਰਤਨ ਕੀਤਾ ਗਿਆ। ਕੀਰਤਨ ਮਗਰੋਂ ਜਥੇਬੰਦੀ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਆਖਿਆ ਕਿ ਉਹ ਅੱਜ ਕੈਬਨਿਟ ਮੰਤਰੀ ਦੇ ਘਰ ਦੇ ਬਾਹਰ ਉਨ੍ਹਾਂ ਦੀ ਜ਼ਮੀਰ ਨੂੰ ਜਗਾਉਣ ਵਾਸਤੇ ਹੋਕਾ ਦੇਣ ਲਈ ਆਏ ਹਨ ਤਾਂ ਜੋ ਪਾਵਨ ਸਰੂਪਾਂ ਨੂੰ ਚੋਰੀ ਕਰਨ ਵਾਲਿਆਂ ਦੇ ਖ਼ਿਲਾਫ਼ ਕੇਸ ਦਰਜ ਹੋ ਸਕੇ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਆਖਿਆ ਕਿ 4 ਨਵੰਬਰ ਤੋਂ ਸਿੱਖ ਸਦਭਾਵਨਾ ਦਲ ਅਤੇ ਉਨ੍ਹਾਂ ਦੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਧਰਮ ਸਿੰਘ ਮਾਰਕੀਟ ਵਿੱਚ ਧਰਨਾ ਦੇ ਕੇ
ਜ਼ਮੀਰ ਜਗਾਉਣ ਵਾਸਤੇ ਹੋਕਾ ਦਿੱਤਾ ਜਾ ਰਿਹਾ ਹੈ ਪਰ ਅੱਜ 100 ਦਿਨ ਬੀਤਣ ਮਗਰੋਂ ਵੀ ਕਿਸੇ ਦੀ ਜ਼ਮੀਰ ਨਹੀਂ ਜਾਗੀ ਹੈ। ਇਸ ਮੌਕੇ ਸ੍ਰੀ ਸੋਨੀ ਦੇ ਪੁੱਤਰ ਕੌਂਸਲਰ ਵਿਕਾਸ ਸੋਨੀ ਨੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਕੋਲ ਆ ਕੇ ਕਾਰਵਾਈ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਲਈ ਲੰਗਰ ਵੀ ਤਿਆਰ ਕੀਤਾ ਗਿਆ ਹੈ ਪਰ ਭਾਈ ਵਡਾਲਾ ਨੇ ਇਹ ਆਖ ਕੇ ਲੰਗਰ ਛਕਣ ਤੋਂ ਇਨਕਾਰ ਕਰ ਦਿੱਤਾ ਕਿ ਜਦੋਂ ਤਕ ਇਸ ਮਾਮਲੇ ਵਿੱਚ ਕਾਰਵਾਈ ਨਹੀਂ ਹੁੰਦੀ ਉਨ੍ਹਾਂ ਦੇ ਘਰ ਵਿੱਚੋਂ ਪਾਣੀ ਵੀ ਨਹੀਂ ਪੀਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕੀਰਤਨ ਕਰਨ ਤੋਂ ਵੀ ਰੋਕਿਆ ਗਿਆ ਸੀ।