ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਜਨਵਰੀ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਯਤਨਾਂ ਨਾਲ ਤਹਿਸੀਲ ਅਜਨਾਲਾ ਨਾਲ ਸਬੰਧਿਤ 37 ਸਾਲਾ ਰਣਜੀਤ ਸਿੰਘ ਦਾ ਸਰੀਰ ਅੱਜ ਇਥੇ ਸਥਾਨਕ ਹਵਾਈ ਅੱਡੇ ’ਤੇ ਪੁੱਜਾ, ਜਿਸ ਦਾ ਜੱਦੀ ਪਿੰਡ ਮੋਹਨ ਭੰਡਾਰੀਆਂ ਵਿਖੇ ਪਹੁੰਚਣ ਉਪਰੰਤ ਸਸਕਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਦਿੰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਰਣਜੀਤ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਨੂੰ ਸੁਧਾਰਨ ਦੀ ਕੋਸ਼ਿਸ਼ ’ਚ ਕੁਝ ਵਰ੍ਹੇ ਪਹਿਲਾਂ ਦੁਬਈ ਮਿਹਨਤ ਮਜ਼ਦੂਰੀ ਕਰਨ ਲਈ ਗਿਆ ਸੀ। ਉਹ ਦੁਬਈ ਦੀ ਇਕ ਕੰਪਨੀ ’ਚ ਬਤੌਰ ਡਰਾਈਵਰ ਕੰਮ ਕਰਦਾ ਸੀ ਪਰ ਕਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ’ਚ ਉਸ ਦੀ ਕੰਪਨੀ ਨੇ ਉਸ ਨੂੰ ਕੰਮ ਤੋਂ ਜੁਆਬ ਦੇ ਦਿੱਤਾ ਜਿਸ ਕਾਰਨ ਉਸ ਨੇ ਵਾਪਸ ਪੰਜਾਬ ਆਪਣੇ ਘਰ ਆਉਣ ਲਈ ਬੀਤੀ 18 ਜਨਵਰੀ ਦੀ ਟਿਕਟ ਵੀ ਖਰੀਦ ਲਈ ਸੀ ਪਰ ਕੰਮ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਰਣਜੀਤ ਸਿੰਘ 16 ਜਨਵਰੀ ਨੂੰ ਅਚਾਨਕ ਡਿੱਗ ਪਿਆ ਅਤੇ 17 ਜਨਵਰੀ ਨੂੰ ਹਪਸਤਾਲ ’ਚ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ ਹੋ ਗਈ। ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਟਰੱਸਟ ਦੇ ਆਗੂ ਡਾ. ਸਤਨਾਮ ਸਿੰਘ ਨਿੱਝਰ, ਮਨਪ੍ਰੀਤ ਸਿੰਘ ਸੰਧੂ ਚਮਿਆਰੀ, ਨਵਜੀਤ ਸਿੰਘ ਘਈ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਵੇਖਦਿਆਂ ਟਰੱਸਟ ਵੱਲੋਂ ਮ੍ਰਿਤਕ ਦੀ ਪਤਨੀ ਨੂੰ 2500 ਰੁਪਏ ਅਤੇ ਉਸ ਦੀ ਬਜ਼ੁਰਗ ਮਾਤਾ ਨੂੰ 1000 ਰੁਪਏ ਮਹੀਨਾਵਾਰ ਪੈਨਸ਼ਨ ਦੇਣ ਦਾ ਫੈਸਲਾ ਲਿਆ ਹੈ ਜਿਸ ਦਾ ਪਹਿਲਾ ਚੈੱਕ ਅੱਜ ਹੀ ਪੀੜਤ ਪਰਿਵਾਰ ਨੂੰ ਸੌਂਪ ਦਿੱਤਾ ਹੈ। ਟਰਸੱਟ ਹੁਣ ਤੱਕ 289 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਇਸ ਦੌਰਾਨ ਮ੍ਰਿਤਕ ਰਣਜੀਤ ਸਿੰਘ ਦੀ ਬਜ਼ੁਰਗ ਵਿਧਵਾ ਮਾਂ ਨਰਿੰਦਰ ਕੌਰ ਤੇ ਪਤਨੀ ਮਨਪ੍ਰੀਤ ਕੌਰ ਅਤੇ ਹੋਰਨਾਂ ਨੇ ਉਸ ਦੀ ਮ੍ਰਿਤਕ ਦੇਹ ਲਿਆਉਣ ਲਈ ਸਹਿਯੋਗ ਕਰਨ ’ਤੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਸ਼ੁਕਰਾਨਾ ਕੀਤਾ।