ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਅਗਸਤ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਉਪਕੁਲਪਤੀ ਦਫਤਰ ਦੇ ਬਾਹਰ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਵਿਦਿਆਰਥੀ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣ ਲਈ ਗਏ ਅਤੇ ਉਥੇ ਤਾਇਨਾਤ ਸੁਰਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ। ਇਸ ਕਾਰਨ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋਈ। ਰੋਹ ਵਿਚ ਆਏ ਵਿਦਿਆਰਥੀਆਂ ਨੇ ਵੀਸੀ ਦਫਤਰ ਦੇ ਬਾਹਰ ਧਰਨਾ ਲਾ ਦਿਤਾ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੰਲੋਂ ਪੁਲੀਸ ਨੂੰ ਸੱਦ ਲਿਆ ਗਿਆ। ਵਿਦਿਆਰਥੀਆਂ ਦੀਆਂ 7 ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਬੀਤੇ ਕੱਲ੍ਹ ਆਪਣੀਆਂ ਮੰਗਾਂ ਦੇ ਸਬੰਧ ਵਿਚ ਯੂਨੀਵਰਸਿਟੀ ਦੇ ਗੁਰਦੁਆਰੇ ਵਿਚ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿਚ ਕੁਝ ਮਤੇ ਪਾਸ ਕੀਤੇ ਗਏ ਸਨ ਅਤੇ ਇਸ ਸਬੰਧੀ ਮੰਗ ਪੱਤਰ ਅੱਜ ਉਪ ਕੁਲਪਤੀ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਸੀ। ਇਸ ਮੌਕੇ ਵਿਦਿਆਰਥੀ ਐਕਸ਼ਨ ਕਮੇਟੀ ਵੀ ਬਣਾਈ ਗਈ ਸੀ। ‘ਵਿਦਿਆਰਥੀ ਐਕਸ਼ਨ ਕਮੇਟੀ’ ਵੱਲੋਂ ਮੰਗ ਪੱਤਰ ਤਿਆਰ ਕੀਤਾ ਗਿਅ। ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੰਗ ਪੱਤਰ ਦੇਣ ਪਹੁੰਚੇ ਵਿਦਿਆਰਥੀਆਂ ਨੂੰ ਸੁਰੱਖਿਆ ਅਮਲੇ ਨੇ ਅੰਦਰ ਜਾਣ ਤੋਂ ਰੋਕਿਆ ਤੇ ਪੁਲੀਸ ਨੂੰ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਵੀਸੀ ਯੂਨੀਵਰਸਿਟੀ ਵਿੱਚ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਦਿਆਰਥੀਆਂ ਨਾਲ ਸੁਰਖਿਆ ਅਮਲੇ ਨੇ ਬਦਸਲੂਕੀ ਕੀਤੀ ਹੈ , ਜਿਸ ਦੇ ਵਿਰੋਧ ਵਜੋਂ ਵਿਦਿਆਰਥੀਆਂ ਵੱਲੋਂ ਦਫਤਰ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਗਿਆ। ਵਿਦਿਆਰਥੀ ਆਗੂਆਂ ਨੇ ਦੋਸ਼ ਲਾਇਆ ਕਿ ਧਰਨਾ ਜਬਰੀ ਚੁਕਾਉਣ ਦੇ ਮੰਤਵ ਨਾਲ ਪੁਲੀਸ ਨੂੰ ਸੱਦਿਆ ਗਿਆ ਸੀ। ਪੁਲੀਸ ਵੱਲੋਂ ਵਿਦਿਆਰਥੀਆਂ ਦੇ ਨਾਮ ਅਤੇ ਰੋਲ ਨੰਬਰ ਨੋਟ ਕੀਤੇ ਗਏ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ’ਤੇ ਦਬਾਅ ਪਾਉਣ ਦੀ ਨੀਤੀ ਹੈ ਅਤੇ ਬੀਤੇ ਕਲ ਮੀਟਿੰਗ ਵੇਲੇ ਵੀ ਪੁਲੀਸ ਨੂੰ ਸੱਦਿਆ ਗਿਆ ਸੀ। ਇਸ ਦੌਰਾਨ ਉਪਕੁਲਪਤੀ, ਡੀਨ ਤੇ ਰਜਿਸਟਰਾਰ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਪੁੱਜ ਗਏ ਸਨ , ਜਿਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਦ ਇਹ ਮਾਮਲਾ ਸ਼ਾਂਤ ਹੋ ਗਿਆ। ਯੂਨੀਵਰਸਿਟੀ ਪ੍ਰਸ਼ਾਸ਼ਨ ਨਾਲ ਹੋਈ ਮੀਟਿੰਗ ਤੋਂ ਬਾਦ ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਫੀਸਾਂ ਦੇ ਮਸਲੇ ’ਤੇ ਫੰਡਾਂ ਦੀ ਘਾਟ ਕਹਿ ਕੇ ਪੱਲਾ ਝਾੜ ਲਿਆ। ਇਸ ਤੋਂ ਇਲਾਵਾ ਕਈ ਮੰਗਾਂ ’ਤੇ ਵੀਸੀ ਵਲੋਂ ਹਾਂ ਪੱਖੀ ਜਵਾਬ ਦਿੱਤਾ ਗਿਆ। ਵਿਦਿਆਰਥੀ ਚੋਣਾਂ, ਪੰਜਾਬੀ ਵਿੱਚ ਪੇਪਰ ਦੇਣ ਦੇ ਹੱਕ ਤੋਂ ਇਲਾਵਾ ਦੋ ਹੋਰ ਮਸਲਿਆਂ ’ਤੇ ਕੋਈ ਸਹਿਮਤੀ ਨਹੀਂ ਬਣ ਸਕੀ। ਵਿਦਿਆਰਥੀਆਂ ਵੱਲੋਂ ਮੰਗ ਕੀਤੀ ਗਈ ਕਿ ਸਾਰੇ ਮਸਲਿਆਂ ’ਤੇ ਲਿਖਤੀ ਉੱਤਰ ਦਿੱਤਾ ਜਾਵੇ ਪਰ ਇਸ ਗੱਲ ਤੋਂ ਨਾਂਹ ਕਰਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਦੋ ਹਫਤਿਆਂ ਮਗਰੋਂ ਦੁਬਾਰਾ ਮੀਟਿੰਗ ਕਰਨ ਦਾ ਸਮਾਂ ਦਿੱਤਾ।
ਆਪਣੀਆਂ ਮੰਗਾ ਲਈ ਜਦੋਜਹਿਦ ਕਰਨ ਵਾਲੀਆਂ ਵਿਦਿਆਰਥੀ ਜਥੇਬੰਦੀਆ ਵਿਚ ਯੂਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ , ਵਿਦਿਆਰਥੀ ਜਥੇਬੰਦੀ ਸੱਥ, ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ, ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ,ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ , ਸਟੂਡੈਂਟਸ ਫਾਰ ਸੁਸਾਇਟੀ ,ਪੰਜਾਬ ਸਟੂਡੈਂਟਸ ਯੂਨੀਅਨ ਆਦਿ ਸ਼ਾਮਲ ਹਨ।
ਉਪ ਕੁਲਪਤੀ ਨਾਲ ਮੀਟਿੰਗ ਮਗਰੋਂ ਮਸਲਾ ਸੁਲਝਿਆ
ਇਸ ਦੌਰਾਨ ਉਪਕੁਲਪਤੀ, ਡੀਨ ਤੇ ਰਜਿਸਟਰਾਰ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਪੁੱਜ ਗਏ ਸਨ , ਜਿਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਇਹ ਮਾਮਲਾ ਸ਼ਾਂਤ ਹੋ ਗਿਆ।ਯੂਨੀਵਰਸਿਟੀ ਪ੍ਰਸ਼ਾਸ਼ਨ ਨਾਲ ਹੋਈ ਮੀਟਿੰਗ ਤੋਂ ਬਾਦ ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਫੀਸਾਂ ਦੇ ਮਸਲੇ ’ਤੇ ਫੰਡਾਂ ਦੀ ਘਾਟ ਕਹਿ ਕੇ ਪੱਲਾ ਝਾੜ ਲਿਆ। ਇਸ ਤੋਂ ਇਲਾਵਾ ਕਈ ਮੰਗਾਂ ’ਤੇ ਵੀਸੀ ਵਲੋਂ ਹਾਂ ਪੱਖੀ ਜਵਾਬ ਦਿੱਤਾ ਗਿਆ।