ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਅਗਸਤ
ਪੁਲੀਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਅੱਜ ਡਿਊਟੀ ਦੌਰਾਨ ਗੈਰਹਾਜ਼ਰ ਰਹਿਣ ਦੇ ਦੋਸ਼ ਹੇਠ ਦਸ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਮੁਲਾਜ਼ਮ ਬੀਤੀ ਰਾਤ ਵੱਖ ਵੱਖ ਨਾਕਿਆਂ ਅਤੇ ਹੋਰ ਥਾਵਾਂ ਤੋਂ ਗੈਰਹਾਜ਼ਰ ਪਾਏ ਗਏ ਸਨ। ਇਹ ਜਾਂਚ ਪੁਲੀਸ ਕਮਿਸ਼ਨ ਵੱਲੋਂ ਬੀਤੀ ਰਾਤ ਖੁਦ ਕੀਤੀ ਗਈ ਸੀ।
ਪੁਲੀਸ ਵਿਭਾਗ ਵੱਲੋਂ ਇਨ੍ਹਾਂ ਮੁਅੱਤਲ ਕੀਤੇ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਜਾਂਚ ਵੀ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਦਸ ਪੁਲੀਸ ਮੁਲਾਜ਼ਮਾਂ ਨੂੰ ਅਗਲੇ ਹੁਕਮਾਂ ਤਕ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਪੁਲੀਸ ਕਮਿਸ਼ਨਰ ਵੱਲੋਂ ਕੀਤੀ ਗਈ ਹੈ ਅਤੇ ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਕੁਤਾਹੀ ਵਰਤਣ ਵਾਲੇ ਕਰਮਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ।
ਮਿਲੇ ਵੇਰਵਿਆਂ ਮੁਤਾਬਕ ਇਹ ਪੁਲੀਸ ਮੁਲਾਜ਼ਮ ਰਣਜੀਤ ਐਵੀਨਿਊ, ਬਸੰਤ ਐਵੇਨਿਊ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਨਾਕਿਆਂ ’ਤੇ ਤਾਇਨਾਤ ਸਨ।
ਇਸ ਦੌਰਾਨ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਲਗਪਗ 20 ਦਿਨਾਂ ਦੌਰਾਨ ਪੁਲੀਸ ਨੇ ਵੱਡੀ ਗਿਣਤੀ ਵਿੱਚ ਨਸ਼ਾ ਤਸਕਰ, ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲੇ, ਦੜਾ ਸੱਟਾ ਲਾਉਣ ਵਾਲੇ ਅਤੇ ਵਾਹਨ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ।
ਇਸ ਦੌਰਾਨ 2 ਕਿੱਲੋ 408 ਗ੍ਰਾਮ ਹੈਰੋਇਨ, 3 ਕਿਲੋ ਤੋਂ ਵੱਧ ਅਫੀਮ, ਦੋ ਸੌ ਗ੍ਰਾਮ ਚਰਸ, 2 ਲੱਖ 77 ਹਜ਼ਾਰ ਰੁਪਏ ਡਰੱਗ ਮਨੀ , ਇਕ ਪਿਸਤੌਲ, ਅੱਠ ਮੋਟਰਸਾਈਕਲ ,ਚਾਰ ਸਕੂਟਰ, ਨੌੰ ਮੋਬਾਇਲ ਤੇ ਹੋਰ ਸਾਜ਼ੋ-ਸਾਮਾਨ ਬਰਾਮਦ ਕੀਤਾ ਹੈ।