ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 28 ਸਤੰਬਰ
ਗੁਰੂ ਨਾਨਕ ਦੇਵ ਯੂਨੀਰਸਿਟੀ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ਮੌਕੇ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫਤਰ, ਫਿਟਨੈਸ ਕਲੱਬ, ਡਿਪਾਰਟਮੈਂਟ ਆਫ ਸਪੋਰਟਸ ਸਾਇੰਸਜ ਅਤੇ ਮੈਡੀਸਨ, ਡਿਪਾਰਟਮੈਂਟ ਆਫ ਸਪੋਰਟਸ ਦੇ ਉਦਮਾਂ ਸਦਕਾ ਸਾਇਕਲ ਅਤੇ ਰਨ ਫਾਰ ਫਰੀਡਮ ਰੈਲੀ ਕਰਵਾਈ ਗਈ, ਜਿਸ ਵਿੱਚ ਵਿਦਿਆਰਥੀਆਂ ਅਤੇ ਖਿਡਾਰੀਆਂ ਨੇ ਹਿੱਸਾ ਲਿਆ।
ਡੀਨ ਵਿਦਿਆਰਥੀ ਭਲ਼ਾਈ, ਪ੍ਰੋ. ਅਨੀਸ਼ ਦੂਆ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਨੂੰ ਸ਼ਹੀਦਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਕਦੇ ਵੀ ਨਹੀਂ ਭੁਲਾਉਣਾ ਚਾਹੀਦਾ। ਇਸੇ ਦੌਰਾਨ ਅੱਜ ਖਾਲਸਾ ਕਾਲਜ ਦੇ ਯੁਵਕ ਅਤੇ ਸਭਿਆਚਾਰਕ ਵਿਭਾਗ ਵਲੋਂ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ।ਪ੍ਰਿਸੀਪਲ ਡਾ. ਮਹਿਲ ਸਿੰਘ ਅਤੇ ਕੋਆਰਡੀਨੇਟਰ ਡਾ. ਸੁਰਜੀਤ ਕੌਰ ਨੇ ਵਿਦਿਆਰਥੀਆਂ ਦੀ ਮੈਰਾਥਨ ਦੌੜ ਨੂੰ ਹਰੀ ਝੰਡੀ ਦੇ ਕੇ ਸ਼ੁਰੂਆਤ ਕੀਤੀ। ਇਸ ਮੌਕੇ ਥੀਏਟਰ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਨਾਟਕ ਪੇਸ਼ ਕੀਤਾ ਗਿਆ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਭਗਤ ਸਿੰਘ ਦੀ 115ਵੀਂ ਜਨਮ ਵਰ੍ਹੇਗੰਢ ਮੌਕੇ ਉਲੀਕੇ ਪ੍ਰੋਗਰਾਮਾਂ ਤਹਿਤ ਅੱਜ ਯੁਵਕ ਸੇਵਾਵਾਂ ਵਿਭਾਗ, ਖੇਡ ਵਿਭਾਗ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਵੱਲੋਂ ਮੈਗਾ ਸਾਈਕਲ ਰੈਲੀ ਕੱਢੀ ਗਈ। ਰੈਲੀ ਦੀ ਸ਼ੁਰੂਆਤ ਤੋਂ ਪਹਿਲਾਂ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਸਰਕਾਰੀ ਕਾਲਜ ਦੀ ਪ੍ਰਿੰਸੀਪਲ ਯੋਗੇਸ਼ ਵੱਲੋਂ ਕੀਤਾ ਗਿਆ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਨੇ ਸੰਬੋਧਨ ਕੀਤਾ।ਇਸ ਮੈਗਾ ਰੈਲੀ ਨੂੰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰ ਰਮੇਸ਼ ਚੰਦ, ਸੁਦੇਸ਼ ਅਤੇ ਕੁਲਵੰਤ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਤ 17 ਰੈੱਡ ਰਬਿਨ ਕਲੱਬਾਂ ਅਤੇ 19 ਐੱਨ.ਐੱਸ.ਐੱਸ ਯੂਨਿਟਾਂ ਵੱਲੋਂ ਆਪਣੀਆਂ-ਆਪਣੀਆਂ ਸੰਸਥਾਵਾਂ ਵਿਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਸਬੰਧੀ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਕੋਚ ਹਰਜੰਗ ਸਿੰਘ, ਬਲਬੀਰ ਸਿੰਘ, ਨਿਤਿਸ਼ ਠਾਕੁਰ, ਰੈਡ ਰਬਿਨ ਇੰਚਾਰਜ ਵਿਜੇ ਕੁਮਾਰ, ਰਣਜੀਤ ਕੁਮਾਰ, ਕੁਲਵਿੰਦਰ ਕੌਰ ਅਤੇ ਭਾਗਿਆ ਸ੍ਰੀ ਆਦਿ ਹਾਜ਼ਰ ਸਨ।
ਨਾਟਕ, ਗਿੱਧਾ ਤੇ ਭੰਗੜਾ ਅਤੇ ਹੋਰ ਸਭਿਆਚਾਰਕ ਵੰਨਗੀਆਂ ਪੇਸ਼
ਬੰਗਾ (ਪੱਤਰ ਪ੍ਰੇਰਕ): ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਤੇ ਅੱਜ ਖਟਕੜ ਕਲਾਂ ਵਿਚ ਮੇਲੇ ਦਾ ਮਾਹੌਲ ਸ਼ਾਮ ਤੱਕ ਚਲਦਾ ਰਿਹਾ। ਸ਼ਾਮ ਨੂੰ ਪੰਜਾਬ ਸਰਕਾਰ ਵੱਲੋਂ ਉੱਤਰੀ ਜ਼ੋਨ ਕਲਚਰਲ ਸੈਂਟਰ, ਪਟਿਆਲਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਨਾਟਕ, ਗਿੱਧਾ, ਭੰਗੜਾ, ਮਲਵਈ ਗਿੱਧਾ, ਕਵੀਸ਼ਰੀ, ਆਦਿ ਪੇਸ਼ਕਾਰੀਆਂ ਕਰਵਾਈਆਂ ਗਈਆਂ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਇਸ ਮੌਕੇ ਆਖਿਆ ਕਿ ਦੇਸ਼ ਦੇ ਮਹਾਨ ਸ਼ਹੀਦ ਨੂੰ ਅੱਜ ਪੂਰਾ ਦਿਨ ਵੱਖ ਵੱਖ ਸਮਾਗਮਾਂ ਤੇ ਪੇਸ਼ਕਾਰੀਆਂ ਰਾਹੀਂ ਯਾਦ ਕੀਤਾ ਗਿਆ। ਇਸ ਮੌਕੇ ਬੰਗਾ ਤੋਂ ਮੈਰਾਥਨ ਤੇ ਕਾਹਮਾ ਤੋਂ ਸਾਇਕਲ ਰੈਲੀ ਰਾਹੀਂ ਖੇਡ ਵਿਭਾਗ ਵਲੋਂ ਵਿਸ਼ੇਸ਼ ਤੌਰ ਤੇ ਨੌਜੁਆਨਾਂ ਦੀ ਸ਼ਮੂਲੀਅਤ ਕਰਵਾਈ ਗਈ। ਦੇਰ ਸ਼ਾਮ ਨੂੰ ਨਾਟਕ ਤੇ ਸਭਿਆਚਾਰਕ ਸਮਾਗਮ ਵਾਲੀ ਥਾਂ ਤੋਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਤੱਕ ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਮੋਮਬੱਤੀ ਮਾਰਚ ਕੱਢਿਆ ਗਿਆ।