ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਸਤੰਬਰ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲ੍ਹਾ ਅੰਮ੍ਰਿਤਸਰ ਦਾ ਚੋਣ ਇਜਲਾਸ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਬਲਾਕਾਂ/ਤਹਿਸੀਲਾਂ ਦੇ ਵਿਭਾਗਾਂ ’ਚ ਕੰਮ ਕਰਦੇ ਡੈਲੀਗੇਟਾਂ ਅਤੇ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਚੋਣ ਇਜਲਾਸ ਵਿੱਚ ਗੁਰਦੀਪ ਸਿੰਘ ਬਾਜਵਾ ਨੂੰ ਜਥੇਬੰਦੀ ਦੀ ਇਕਾਈ ਦਾ ਪ੍ਰਧਾਨ ਐਲਾਨਿਆ ਗਿਆ। ਚੋਣ ਇਜਲਾਸ ਮੌਕੇ ਇਕੱਤਰ ਮੁਲਾਜ਼ਮ ਸਾਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾਈ ਪ੍ਰਧਾਨ ਸਾਥੀ ਸਤੀਸ਼ ਰਾਣਾ ਨੇ ਕਿਹਾ ਕਿ ਅੱਜ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ ’ਤੇ ਕਾਰਪੋਰੇਟ ਘਰਾਣਿਆਂ ਦਾ ਹੀ ਬੋਲਬਾਲਾ ਹੈ ਅਤੇ ਕਿਰਤੀ ਵਰਗ ਨੂੰ ਮਿਲ ਰਹੀਆਂ ਉਜਰਤਾਂ ਅਤੇ ਸਹੂਲਤਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਪੇਂਡੂ ਖੇਤਰ ਵਿੱਚ ਕੰਮ ਕਰਦੇ ਮੁਲਾਜ਼ਮਾਂ ਦਾ ਪੇਂਡੂ ਭੱਤਾ ਬੰਦ ਕਰ ਕੇ ਬਾਰਡਰ ਤੇ ਅਤੇ ਪਿੰਡਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਇਸ ਲਈ ਜਥੇਬੰਦ ਹੋ ਕੇ ਸੰਘਰਸ਼ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਨੇ ਕਾਰਵਾਈ ਰਿਪੋਰਟ ਪੇਸ਼ ਕੀਤੀ ਜਿਸ ’ਤੇ ਵੱਖ ਵੱਖ ਬੁਲਾਰਿਆਂ ਵੱਲੋਂ ਵਿਚਾਰ ਪੇਸ਼ ਕੀਤੇ ਗਏ ਅਤੇ ਰਿਪੋਰਟ ਨੂੰ ਪਾਸ ਕੀਤਾ ਗਿਆ। ਇਸ ਉਪਰੰਤ ਪੁਰਾਣੀ ਜ਼ਿਲ੍ਹਾ ਕਮੇਟੀ ਭੰਗ ਕਰਨ ਮਗਰੋਂ ਸੂਬਾ ਪ੍ਰਧਾਨ ਨੇ ਨਵੀਂ ਚੁਣੀ ਜਾਣ ਵਾਲੀ ਜ਼ਿਲ੍ਹਾ ਕਮੇਟੀ ਦਾ ਪੈਨਲ ਪੇਸ਼ ਕੀਤਾ ਜਿਸ ਨੂੰ ਸਾਰੇ ਸਾਥੀਆਂ ਵੱਲੋਂ ਨਾਅਰਿਆਂ ਦੀ ਗੂੰਜ ਵਿੱਚ ਪਾਸ ਕਰ ਦਿੱਤਾ ਗਿਆ।
ਇਸ ਮੌਕੇ ਗੁਰਦੀਪ ਸਿੰਘ ਬਾਜਵਾ (ਸਿੱਖਿਆ-ਵਿਭਾਗ) ਨੂੰ ਪ੍ਰਧਾਨ ਅਤੇ ਪ੍ਰੇਮ ਚੰਦ ਆਜ਼ਾਦ, ਸੁੱਚਾ ਸਿੰਘ ਟਰਪਈ, ਰਣਬੀਰ ਸਿੰਘ ਉੱਪਲ, ਜਤਿੰਦਰ ਸਿੰਘ ਔਲਖ, ਰਵਿੰਦਰ ਸਿੰਘ ਰੰਧਾਵਾ, ਬਲਜੀਤ ਕੌਰ ਜੰਡਿਆਲਾ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਪੂਹਲਾ, ਲਖਵਿੰਦਰ ਸਿੰਘ ਨਾਗ, ਹਰਪ੍ਰੀਤ ਸਿੰਘ ਸੋਹੀਆਂ, ਇੰਦਰਜੀਤ ਰਿਸ਼ੀ, ਰਮਨਦੀਪ ਸਿੰਘ, ਅੰਗਰੇਜ਼ ਸਿੰਘ, ਮਨਿੰਦਰ ਕੌਰ ਗਹਿਰੀ ਨੂੰ ਮੀਤ ਪ੍ਰਧਾਨ, ਨਰਿੰਦਰ ਸਿੰਘ (ਸਿਹਤ ਵਿਭਾਗ) ਨੂੰ ਜਨਰਲ ਸਕੱਤਰ ਅਤੇ ਹਰਮਨਦੀਪ ਭੰਗਾਲੀ, ਸਰਬਜੀਤ ਸਿੰਘ ਤਰਸਿੱਕਾ ਤੇ ਬੋਵਿੰਦਰ ਸਿੰਘ ਨੂੰ ਜੁਆਇੰਟ ਸਕੱਤਰ ਬਣਾਇਆ ਗਿਆ।