ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਅਪਰੈਲ
ਕਰੋਨਾ ਦੇ ਵੱਧ ਰਹੇ ਪ੍ਰਭਾਵ ਦੌਰਾਨ ਅੱਜ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਬੰਧ ਹੇਠ ਚੱਲ ਰਹੇ ਵਿਦਿਅਕ ਅਦਾਰਿਆਂ ਵਿਚ ਸੀਮਤ ਗਿਣਤੀ ਵਿਚ ਅਮਲੇ ਨੂੰ ਸੱਦਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਬਾਕੀ ਅਮਲਾ ਘਰੋਂ ਹੀ ਆਨਲਾਈਨ ਕਲਾਸਾਂ ਲਾਵੇਗਾ। ਇਹ ਜਾਣਕਾਰੀ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਸੰਕਟ ਕਾਰਨ ਬਣੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਚੀਫ਼ ਖ਼ਾਲਸਾ ਦੀਵਾਨ ਅਧੀਨ ਸਟਾਫ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਅਧਿਆਪਕਾਂ ਨੂੰ ਘਰ ਤੋਂ ਹੀ ਆਨਲਾਈਨ ਕਲਾਸਾਂ ਲਗਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਉਹ ਸੁਰੱਖਿਅਤ ਮਾਹੌਲ ਵਿਚ ਬੱਚਿਆਂ ਨੂੰ ਪੜ੍ਹਾਈ ਕਰਵਾ ਸਕਣ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀ ਲੋੜ ਮੁਤਾਬਕ ਟੀਚਿੰਗ ਸਟਾਫ ਦੀ ਕੁੱਲ ਗਿਣਤੀ ਦਾ 25 ਫੀਸਦ ਅਮਲਾ ਰੁਟੇਸ਼ਨ ’ਤੇ ਹਾਜ਼ਰ ਹੋਵੇਗਾ।
ਇਸੇ ਤਰ੍ਹਾਂ ਨਾਨ-ਟੀਚਿੰਗ ਸਟਾਫ ਦਾ ਦਫ਼ਤਰੀ ਸਮਾਂ ਘਟਾਉਂਦਿਆਂ ਜ਼ਰੂਰਤ ਮੁਤਾਬਿਕ 50 ਫੀਸਦ ਸਟਾਫ ਨੂੰ ਰੁਟੇਸ਼ਨ ’ਤੇ ਹਾਜ਼ਰ ਹੋਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਉਨ੍ਹਾਂ ਨੇ ਕਰੋਨਾ ਕਾਰਨ ਪੈਦਾ ਹੋਈ ਹੰਗਾਮੀ ਹਾਲਤ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਕਰੋਨਾ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ ਅਤੇ ਦੇਸ਼ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਹਨ। ਉਨ੍ਹਾਂ ਲਾਪ੍ਰਵਾਹੀ ਨਾ ਵਰਤਣ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਹਦਾਇਤ ਦਿੱਤੀ।