ਦਵਿੰਦਰ ਸਿੰਘ ਭੰਗੂ
ਰਈਆ, 12 ਮਾਰਚ
ਇਥੋਂ ਦੇ ਨਿੱਜੀ ਸਕੂਲ ਵੱਲੋਂ ਬੱਚਿਆਂ ਦੀ ਸਲਾਨਾ ਫ਼ੀਸ, ਮਹੀਨੇਵਾਰ ਫ਼ੀਸ, ਬੱਸ ਕਿਰਾਇਆ ਅਤੇ ਕਿਤਾਬਾਂ ਵਿਚ ਕਥਿਤ ਭਾਰੀ ਵਾਧਾ ਕੀਤੇ ਜਾਣ ’ਤੇ ਵੱਡੀ ਗਿਣਤੀ ਵਿਚ ਮਾਪਿਆ ਵਲੋਂ ਸਕੂਲ ਗਰਾਊਂਡ ਵਿਚ ਧਰਨਾ ਲਾਇਆ ਗਿਆ। ਪੁਲੀਸ ਵੱਲੋਂ ਦਖ਼ਲ ਦੇਣ ਤੇ ਸਕੂਲ ਪ੍ਰਿੰਸੀਪਲ ਨੇ ਵਾਧਾ ਵਾਪਸ ਲੈਣ ਲਈ 17 ਮਾਰਚ ਤੱਕ ਸਮਾਂ ਮੰਗਿਆ। ਸਕੂਲ ਵਿਚ ਵੱਡੀ ਗਿਣਤੀ ਵਿਚ ਮਾਪੇ ਆਪਣੇ ਬੱਚਿਆ ਨੂੰ ਦਾਖਲ ਕਰਵਾਉਣ ਲਈ ਆਏ ਹੋਏ ਸਨ, ਜਿਸ ਵਕਤ ਉਨ੍ਹਾਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਸਕੂਲ ਫ਼ੀਸਾਂ ਵਿਚ ਭਾਰੀ ਵਾਧਾ ਕੀਤੇ ਜਾਣ ਸਬੰਧੀ ਪਤਾ ਲਗਾ ਤਾਂ ਉਹ ਸਕੂਲ ਗਰਾਊਂਡ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਵੱਡਾ ਇਕੱਠ ਕਰ ਲਿਆ। ਉਨ੍ਹਾਂ ਸਕੂਲ ਪ੍ਰਬੰਧਕਾਂ ਵਿਰੁੱਧ ਫ਼ੀਸਾਂ ਦਾ ਵਾਧਾ ਵਾਪਸ ਲੈਣ ਸਬੰਧੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਕੂਲ ਵਿਚ ਹਾਜ਼ਰ ਸਟਾਫ਼ ਵਲੋਂ ਮਾਪਿਆ ਨੂੰ ਕਿਹਾ ਜੇ ਇੱਥੇ ਫ਼ੀਸਾਂ ਵੱਧ ਹਨ ਤਾਂ ਉਹ ਆਪਣੇ ਬੱਚੇ ਹੋਰ ਸਕੂਲਾਂ ਵਿੱਚ ਤਬਦੀਲ ਕਰ ਲੈਣ। ਇਸ ਮੌਕੇ ਸ਼ੇਰ ਸਿੰਘ ਜਵੰਦਪੁਰ, ਹਰਪਾਲ ਸਿੰਘ ਚੀਮਾ ਬਾਠ,ਮਨਦੀਪ ਕੌਰ ਚੀਮਾ ਬਾਠ,ਮਲਕੀਤ ਕੌਰ ਜਲੂ ਵਾਲ, ਰਾਜਵਿੰਦਰ ਕੌਰ ਗਗੜੇਵਾਲ, ਕੁਲਵਿੰਦਰ ਕੌਰ ਲੋਹਗੜ੍ਹ,ਨਿਸ਼ਾਨ ਸਿੰਘ ਸਕਿਆ ਵਾਲੀ,ਪ੍ਰਵੀਨ ਕੌਰ ਦੋਲੋ ਨੰਗਲ,ਜਸਵਿੰਦਰ ਕੌਰ ਬਾਬਾ ਬਕਾਲਾ,ਸੰਦੀਪ ਕੌਰ ਕਲੇਰ ਘੁਮਾਣ, ਦਵਿੰਦਰ ਕੌਰ ਚੀਮਾ ਬਾਠ, ਜਸਬੀਰ ਕੌਰ, ਸਮੇਤ ਵੱਡੀ ਗਿਣਤੀ ਵਿਚ ਮਾਪਿਆਂ ਨੇ ਦੱਸਿਆ ਕਿ ਸਾਲਾਨਾ ਦਾਖਲਾ ਫ਼ੀਸ ਵਿੱਚ 4000 ਰੁਪਏ ਦਾ ਵਾਧਾ ਕੀਤਾ ਗਿਆ ਹੈ। ਮਹੀਨੇਵਾਰ ਫ਼ੀਸ ਵਿਚ 220 ਰੁਪਏ ਵਾਧਾ, ਬੱਸ ਕਿਰਾਏ ਵਿਚ 200 ਰੁਪਏ ਵਾਧਾ ਅਤੇ ਸਕੂਲੀ ਕਿਤਾਬਾਂ ਵਿਚ 500 ਰੁਪਏ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨਵੀਂ ਆਮ ਆਦਮੀ ਪਾਰਟੀ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੁਫ਼ਤ ਵਿੱਦਿਆ ਦਾ ਵਾਧਾ ਕਰਕੇ ਗਏ ਸਨ ਪਰ ਪ੍ਰਾਈਵੇਟ ਸਕੂਲ ਪ੍ਰਬੰਧਕ ਫ਼ੀਸਾਂ ਵਿਚ ਭਾਰੀ ਵਾਧਾ ਕਰ ਰਹੇ ਹਨ, ਜਿਸ ’ਤੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਕੰਗ ਪੁੱਜੇ। ਉਨ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਤਰਫ਼ੋਂ ਸਕੂਲੀ ਮਾਪਿਆਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਗਿਆ। ਥਾਣਾ ਬਿਆਸ ਦੇ ਮੁਖੀ ਪ੍ਰਮੋਦ ਕੁਮਾਰ ਦੀ ਹਾਜ਼ਰੀ ਵਿਚ ਸਕੂਲ ਪ੍ਰਿੰਸੀਪਲ ਨੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਉਹ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ 17 ਮਾਰਚ ਤੱਕ ਫ਼ੀਸਾਂ ਵਿਚ ਕੀਤਾ ਵਾਧਾ ਵਾਪਸ ਦਿਵਾਉਣ ਦੀ ਕੋਸ਼ਿਸ਼ ਕਰਨਗੇ।