ਪੱਤਰ ਪ੍ਰੇਰਕ
ਅੰਮ੍ਰਿਤਸਰ, 7 ਮਾਰਚ
ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਅੱਜ ਤੀਜੇ ਦਿਨ ਉੱਘੇ ਅਰਥ-ਸ਼ਾਸਤਰੀ ਸਾਬਕਾ ਪ੍ਰੋਫੈਸਰ ਡਾ. ਗਿਆਨ ਸਿੰਘ ਨੇ ‘ਪੰਜਾਬੀ ਯੁਵਾ ਪਰਵਾਸ: ਵਰਤਮਾਨ ਪਰਿਪੇਖ’ ਵਿਸ਼ੇ ’ਤੇ ਕਰਵਾਏ ਜਾ ਰਹੇ ਦੋ ਰੋਜ਼ਾ ਕੌਮੀ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੌਰਾਨ ਕਿਹਾ ਕਿ ਪਰਵਾਸ ਕਰਕੇ ਪੰਜਾਬ ਦੇ ਕਈ ਵਸੀਲਿਆਂ ’ਤੇ ਹੂੰਝਾ ਫਿਰ ਰਿਹਾ ਹੈ। ਇਸ ਨਾਲ ਪੰਜਾਬ ਦੀ ਆਰਥਿਕਤਾ, ਮਨੁੱਖੀ ਵਸੀਲੇ ਅਤੇ ਨੌਜਵਾਨ ਸ਼ਕਤੀ ਵੀ ਪਰਵਾਸ ਕਰ ਰਹੀ ਹੈ।
ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਐੱਸ. ਪੀ. ਸਿੰਘ ਨੇ ਕੀਤੀ। ਸੈਮੀਨਾਰ ਵਿਚ ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਵੀ ਪਹੁੰਚੇ। ਇਸ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਖਿਆ। ਉਨ੍ਹਾਂ ਕਿਹਾ ਕਿ ਪਰਵਾਸ ਨਾਲ ਪੰਜਾਬੀਆਂ ਦਾ ਬਹੁਤ ਪੁਰਾਣਾ ਰਿਸ਼ਤਾ ਹੈ ਪਰ ਇੱਕੀਵੀਂ ਸਦੀ ਵਿਚ ਪਰਵਾਸ ਨੇ ਪੰਜਾਬ ਵਿਚ ਜੋ ਸ਼ਕਲ ਅਖਤਿਆਰ ਕੀਤੀ ਹੈ, ਇਹ ਚਿੰਤਾ ਦਾ ਵਿਸ਼ਾ ਬਣ ਚੁਕੀ ਹੈ। ਡਾ. ਗਿਆਨ ਸਿੰਘ ਨੇ ਮੌਜੂਦਾ ਰੂਸ-ਯੂਕਰੇਨ ਸੰਕਟ ਦੇ ਹਵਾਲੇ ਨਾਲ ਪੈਦਾ ਹੋਏ ਮਸਲਿਆਂ ਦੀ ਗੱਲ ਕੀਤੀ। ਪਹਿਲੇ ਸੈਸ਼ਨ ਵਿਚ ਯੁਵਾ ਪੰਜਾਬੀ ਪਰਵਾਸ ਦਾ ਪੰਜਾਬੀ ਸਮਾਜ ਅਤੇ ਸਭਿਆਚਾਰ ’ਤੇ ਪ੍ਰਭਾਵ ਵਿਸ਼ੇ ’ਤੇ ਡਾ. ਰਵਿੰਦਰ ਸਿੰਘ ਨੇ ਪਰਚਾ ਪੜ੍ਹਿਆ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਰਵਿੰਦਰ ਰਵੀ ਨੇ ਕਿਹਾ ਕਿ ਸਾਰੇ ਹੀ ਵਿਦਵਾਨਾਂ ਨੇ ਪੰਜਾਬੀ ਯੁਵਾ ਪਰਵਾਸ ਦੀਆਂ ਵੱਖ-ਵੱਖ ਤੰਦਾਂ ਨੂੰ ਬਹੁਤ ਬਾਰੀਕੀ ਨਾਲ ਫੜਿਆ ਹੈ ਅਤੇ ਸਾਰੇ ਹੀ ਪੇਪਰਾਂ ਵਿਚ ਪਰਵਾਸ ਦੀਆਂ ਅਣਗਿਣਤ ਪਰਤਾਂ ਖੁੱਲ੍ਹੀਆਂ ਹਨ। ਉਨ੍ਹਾਂ ਕਿਹਾ ਕਿ ਪਰਵਾਸ ਬਹੁ-ਪਰਤੀ ਤੇ ਗੁੰਝਲਦਾਰ ਵਰਤਾਰਾ ਹੈ, ਇਸ ਨੂੰ ਸਮਝਣ ਲਈ ਇਸ ਬਾਰੇ ਲਗਾਤਾਰ ਖੋਜ ਕਰਨ ਦੀ ਲੋੜ ਹੈ। ਸੈਮੀਨਾਰ ਤੋਂ ਬਾਅਦ ਕਾਲਜ ਦੇ ਯੁਵਕ ਭਲਾਈ ਤੇ ਸਭਿਆਚਾਰਕ ਸਰਗਰਮੀਆਂ ਵਿਭਾਗ ਵੱਲੋਂ ਲੋਕ ਨਾਚ ਗਿੱਧੇ ਤੇ ਲੋਕ ਗਾਇਕੀ ਦੀ ਪੇਸ਼ਕਾਰੀ ਕੀਤੀ ਗਈ।