ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਅਗਸਤ
ਇੱਥੇ 2018 ਤੋਂ ਬਾਅਦ ਸਿੱਧੀ ਭਰਤੀ ਅਤੇ ਤਰੱਕੀ ਪ੍ਰਾਪਤ ਅਧਿਆਪਕਾਂ ਸਮੇਤ ਹੋਰਨਾਂ ਕਰਮਚਾਰੀਆਂ ’ਤੇ ਵਿਭਾਗੀ ਟੈਸਟ ਅਤੇ ਕੰਪਿਊਟਰ ਟੈਸਟ ਪਾਸ ਕਰਨ ਦੇ ਬਣਾਏ ਗਏ ਲਾਜ਼ਮੀ ਨਿਯਮ ਖ਼ਿਲਾਫ਼ ਅੱਜ ਡੈਮੋਕਰੇਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ.ਟੀ.ਐੱਫ.) ਦੇ ਸੱਦੇ ਉੱਤੇ ਵੱਖ ਵੱਖ ਥਾਵਾਂ ’ਤੇ ਅਧਿਆਪਕਾਂ ਵੱਲੋਂ ਇਸ ਨਿਯਮ ਦੀਆਂ ਕਾਪੀਆਂ ਸਾੜ ਕੇ ਰੋਸ ਵਿਖਾਵੇ ਕੀਤੇ ਗਏ ਹਨ। ਇਸ ਫੈਸਲੇ ਖ਼ਿਲਾਫ਼ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸ.ਸ.ਸ.ਸ.ਸੋਹੀਆਂ ਕਲਾਂ, ਜੱਬੋਵਾਲ, ਖਲਚੀਆਂ, ਬਾਸਰਕੇ ਗਿੱਲਾਂ, ਬਲਸਰਾਏ, ਰਈਆ, ਰਮੀਦੀ, ਫਤਾਹਪੁਰ, ਕੋਟ ਮਹਿਤਾਬ, ਠੱਠੀਆਂ, ਕੋਟ ਮਹਿਤਾਬ, ਨੇਪਾਲੀ, ਰਾਜਾਸਾਂਸੀ, ਵਰਨਾਲੀ ਸਮੇਤ ਅਨੇਕਾਂ ਸਕੂਲਾਂ ਵਿੱਚ ਅਧਿਆਪਕਾਂ ਅਤੇ ਕਰਮਚਾਰੀਆਂ ਨੇ ਸਕੂਲਾਂ ਵਿੱਚ ਸਾਲ 2018 ਦੇ ਅਧਿਆਪਕ ਵਿਰੋਧੀ ਨਿਯਮਾਂ ਦੀਆਂ ਕਾਪੀਆਂ ਫੂਕੀਆਂ। ਇਸ ਮੌਕੇ ਜਥੇਬੰਦੀ ਦੇ ਸੂਬਾਈ ਵਿੱਤ ਸਕੱਤਰ ਅਸ਼ਵਨੀ ਅਵਸਥੀ, ਜਰਮਨਜੀਤ ਸਿੰਘ, ਗੁਰਬਿੰਦਰ ਸਿੰਘ ਖਹਿਰਾ, ਹਰਜਾਪ ਸਿੰਘ ਬੱਲ, ਗੁਰਦੇਵ ਸਿੰਘ, ਚਰਨਜੀਤ ਸਿੰਘ ਰਾਜਧਾਨ ਨੇ ਵੀ ਸੰਬੋਧਨ ਕੀਤਾ।ਪ
ਤਰਨ ਤਾਰਨ (ਪੱਤਰ ਪ੍ਰੇਰਕ): ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ (ਡੀਟੀਐੱਫ) ਦੇ ਸੱਦੇ ’ਤੇ 2018 ਤੋਂ ਬਾਅਦ ਤਰੱਕੀ ਪ੍ਰਾਪਤ ਅਤੇ ਸਿੱਧੀ ਭਰਤੀ ਅਧਿਆਪਕਾਂ ਅਤੇ ਹੋਰਨਾਂ ਕਰਮਚਾਰੀਆਂ ’ਤੇ ਵਿਭਾਗੀ ਟੈਸਟ ਥੋਪਣ ਦੇ ਫ਼ੈਸਲੇ ਖ਼ਿਲਾਫ਼ ਅੱਜ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਸਰਕਾਰ ਖਿਲਾਫ਼ ਰੋਸ ਵਿਖਾਵੇ ਕਰਕੇ ਇਸ ਸਬੰਧੀ ਜਾਰੀ ਸਰਕਾਰੀ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ| ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਨਛੱਤਰ ਸਿੰਘ ਤੋਂ ਇਲਾਵਾ ਕਸ਼ਮੀਰ ਸਿੰਘ ਚੋਹਲਾ, ਪ੍ਰਤਾਪ ਸਿੰਘ ਠੱਠਗੜ੍ਹ, ਕੰਵਰਦੀਪ ਸਿੰਘ ਢਿੱਲੋਂ, ਕਰਮਜੀਤ ਸਿੰਘ, ਬਲਜਿੰਦਰ ਸਿੰਘ, ਨਰਿੰਦਰ ਜੀਤ, ਅਮਰਦੀਪ ਸ਼ਰਮਾ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਸਰਕਾਰ ਦੇ ਫੈਸਲੇ ਪਿੱਛੇ ਕੰਮ ਕਰਦੀ ਭਾਵਨਾ ਤੋਂ ਅਧਿਆਪਕਾਂ ਨੂੰ ਜਾਣੂੰ ਕਰਵਾਇਆ| ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਪੁਰਾਣੀ ਸਰਕਾਰ ਦੇ ਹੀ ਅਧਿਆਪਕ ਮੁਲਾਜ਼ਮ ਵਿਰੋਧੀ ਫੈਸਲਿਆਂ ਨੂੰ ਬਰਕਰਾਰ ਰੱਿਖਆ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਥੇਬੰਦੀ ਇਸ ਮਾਰੂ ਕਦਮ ਨੂੰ ਲਾਗੂ ਨਹੀਂ ਹੋਣ ਦੇਵੇਗੀ।