ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਜੁਲਾਈ
ਤੂੜੀ ਦੀ ਘਾਟ ਖ਼ਿਲਾਫ਼ ਅੱਜ ਇੱਥੇ ਐਂਟੀ ਕ੍ਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਅਤੇ ਡੇਅਰੀ ਫਾਰਮ ਐਸੋਸੀਏਸ਼ਨ ਨੇ ਸਥਾਨਕ ਹਾਲ ਗੇਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਤੂੜੀ ਨੂੰ ਪੇਪਰ ਮਿੱਲ ਵਿਚ ਬਾਲਣ ਵਜੋਂ ਵਰਤਿਆ ਜਾ ਰਿਹਾ ਹੈ, ਜਦੋਂਕਿ ਇਸ ਦੀ ਘਾਟ ਪਸ਼ੂਆਂ ਲਈ ਸੰਕਟ ਪੈਦਾ ਕਰੇਗੀ। ਪ੍ਰਦਰਸ਼ਨਕਾਰੀਆਂ ਨੇ ਇਸ ਮੌਕੇ ਰੋਸ ਵਜੋਂ ਪੰਜਾਬ ਸਰਕਾਰ ਦਾ ਪੁਤਲਾ ਵੀ ਸਾੜਿਆ ਹੈ।
ਪ੍ਰਦਰਸ਼ਨਕਾਰੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਰਾਹੀਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਵੀ ਦਿੱਤਾ। ਉਨ੍ਹਾਂ ਨੇ ਇਹ ਮੰਗ ਪੱਤਰ ਵਿਧਾਇਕਾਂ ਨੂੰ ਵੀ ਸੌਂਪੇ ਹਨ। ਜਥੇਬੰਦੀ ਦੇ ਮੁਖੀ ਡਾ. ਰੋਹਨ ਮਹਿਰਾ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧ ਵਿਚ ਸਰਕਾਰ ਅਤੇ ਪ੍ਰਸ਼ਾਸਨ ਦੋਵਾਂ ਨੂੰ ਅਪੀਲ ਕੀਤੀ ਹੈ ਕਿ ਕਿ ਪਸ਼ੂਆਂ ਦੇ ਇਸ ਚਾਰੇ ਤੂੜੀ ਨੂੰ ਸਨਅਤੀ ਬਾਲਣ ਵਜੋਂ ਨਾ ਵਰਤਿਆ ਜਾਵੇ। ਖਾਸ ਕਰ ਕੇ ਇਸ ਨੂੰ ਪੇਪਰ ਸਨਅਤ ਵੱਲੋਂ ਬਾਲਣ ਵਜੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਆਉਣ ਵਾਲੇ ਦਿਨਾਂ ਵਿਚ ਤੂੜੀ ਨਹੀਂ ਬਣ ਸਕੇਗੀ, ਜਿਸ ਕਾਰਨ ਤੂੜੀ ਦੀ ਘਾਟ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਇਸ ਨੂੰ ਇਸੇ ਤਰ੍ਹਾਂ ਸਨਅਤੀ ਬਾਲਣ ਲਈ ਵਰਤਿਆ ਜਾਂਦਾ ਰਿਹਾ ਤਾਂ ਸਰਦੀਆਂ ਵਿੱਚ ਪਸ਼ੂਆਂ ਲਈ ਸੁੱਕੇ ਚਾਰੇ ਵਜੋਂ ਸੰਕਟ ਪੈਦਾ ਹੋਵੇਗਾ।