ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 27 ਅਪਰੈਲ
ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਵੱਖ-ਵੱਖ ਵਾਰਡਾਂ ਦੇ ਯੋਗ ਪਾਏ ਗਏ ਲਾਭਪਾਤਰੀਆਂ ਨੂੰ ਨਵੇਂ ਮਕਾਨ ਬਣਾਉਣ ਜਾਂ ਮਕਾਨਾਂ ਦੀ ਉਸਾਰੀ ਦੇ ਵਾਧੇ ਲਈ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦੀ ਕਿਸ਼ਤ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਨ ਸਬੰਧੀ ਪੱਤਰ ਦਿੱਤੇ ਗਏ। ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਵਲੋਂ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਪੂਰੇ ਕੀਤੇ ਜਾ ਰਹੇ ਹਨ। ਮੇਅਰ ਨੇ ਕਿਹਾ ਕਿ ਇਹ ਵਿੱਤੀ ਸਹਾਇਤਾ ਕਿਸ਼ਤਾਂ ਵਿੱਚ ਦਿੱਤੀ ਜਾਣੀ ਹੈ, ਦੂਜੀ ਕਿਸ਼ਤ ਤਾਂ ਹੀ ਮਿਲਣੀ ਹੈ ਜੇਕਰ ਇਹ ਸਹਾਇਤਾ ਦੱਸੇ ਗਏ ਮੰਤਵ ਲਈ ਕੰਮ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ, ਕੌਂਸਲਰ ਨੀਤੂ ਟਾਂਗਰੀ, ਸੁਖਦੇਵ ਸਿੰਘ ਚਾਹਲ, ਜਰਨੈਲ ਸਿੰਘ ਢੋਟ, ਜਗਦੀਸ਼ ਕਾਲੀਆ, ਦਵਿੰਦਰ ਪਹਿਲਵਾਨ, ਸੁਖਬੀਰ ਸਿੰਘ ਸੋਨੀ ਅਤੇ ਗਿਣਤੀ ’ਚ ਲਾਭਪਾਤਰੀ ਹਾਜ਼ਰ ਸਨ।
ਮੇਅਰ ਵਲੋਂ ਹਾਈਡ੍ਰੌਲਿਕ ਪੌੜੀ ਦਾ ਉਦਘਾਟਨ
ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਸਟਰੀਟ ਲਾਈਟ ਵਿਭਾਗ ਲਈ ਖਰੀਦੀ ਗਈ ਨਵੀਂ ਮਿੰਨੀ ਟਰੱਕ ਮਾਊਂਟੇਡ ਬੇਸਡ ਹਾਈਡ੍ਰੋਲਿਕ ਪੌੜੀ ਦਾ ਉਦਘਾਟਨ ਕੀਤਾ ਗਿਆ। ਇਸ ਨਾਲ ਸ਼ਹਿਰ ਦੀਆਂ ਸਟਰੀਟ ਲਾਈਟਾਂ ਦੀ ਰਿਪੇਅਰ ਕਰਨਾ ਸੁਖਾਲਾ ਹੋਵੇਗਾ। ਇਹ ਹਾਈਡ੍ਰੋਲਿਕ ਪੌੜੀ ਲਗਪਗ 16 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈ ਗਈ ਹੈ। ਮੇਅਰ ਨੇ ਕਿਹਾ ਕਿ ਇਸ ਨਾਲ ਕਰਮਚਾਰੀਆਂ ਨੂੰ ਸਟਰੀਟ ਲਾਈਟਾਂ ਸਬੰਧੀ ਸ਼ਿਕਾਇਤਾਂ ਦੂਰ ਕਰਨ ਵਿਚ ਆਸਾਨੀ ਹੋਵੇਗੀ।