ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਜੁਲਾਈ
ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਸ਼ਹਿਰ ਅਤੇ ਦਿਹਾਤੀ ਖੇਤਰ ਵਿੱਚ ਘੇਰਾਬੰਦੀ ਕਰਕੇ ਜਾਂਚ ਕੀਤੀ ਗਈ। ਇਹ ਜਾਂਚ ਮੁਹਿੰਮ ਸ਼ਹਿਰ ਵਿੱਚ ਰੇਲਵੇ ਦੇ ਏਡੀਜੀਪੀ ਐੱਮਐੱਫ ਫਰੂਕੀ ਅਤੇ ਦਿਹਾਤੀ ਖੇਤਰ ਵਿੱਚ ਆਈਜੀ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਚਲਾਈ ਗਈ। ਘੇਰਾਬੰਦੀ ਕਰਕੇ ਕੀਤੀ ਗਈ ਇਸ ਜਾਂਚ ਮੁਹਿੰਮ ਦੌਰਾਨ ਪੁਲੀਸ ਨੇ 280 ਗ੍ਰਾਮ ਹੈਰੋਇਨ , 4400 ਕਿੱਲੋ ਲਾਹਣ , ਦੱਸ ਸ਼ੱਕੀ ਵਿਅਕਤੀ ਹਿਰਾਸਤ ਵਿਚ ਲਏ ਹਨ ਅਤੇ 11 ਵਾਹਨ ਜ਼ਬਤ ਕੀਤੇ ਹਨ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸਰਹੱਦੀ ਨੌਂ ਵੱਖ ਵੱਖ ਸਰਹੱਦੀ ਪਿੰਡਾਂ ਮੋਦੇ, ਧਨੋਆ, ਬੱਚੀਵਿੰਡ, ਕੱਕੜ, ਲੋਧੀ ਗੁੱਜਰ, ਖਿਆਲਾ, ਬੋਪਾਰਾਏ, ਕੁਹਾਲੀ ਅਤੇ ਚੁਗਾਵਾਂ ਵਿੱਚ ਜਾਂਚ ਮੁਹਿੰਮ ਚਲਾਈ ਹੈ। ਲਗਪਗ ਛੇ ਘੰਟੇ ਚੱਲੀ ਇਸ ਜਾਂਚ ਮੁਹਿੰਮ ਤਹਿਤ 269 ਗ੍ਰਾਮ ਹੈਰੋਇਨ, 2500 ਨਸ਼ੀਲੀਆਂ ਗੋਲੀਆਂ , 4400 ਕਿੱਲੋ ਲਾਹਣ ਬਰਾਮਦ ਕੀਤੀ ਗਈ ਹੈ। ਪੁਲੀਸ ਨੇ ਛੇ ਵਿਅਕਤੀ ਵੀ ਗ੍ਰਿਫ਼ਤਾਰ ਕੀਤੇ ਹਨ ਅਤੇ ਇਨ੍ਹਾਂ ਕੇਸ ਦਰਜ ਕੀਤਾ ਹੈ। ਇਸ ਦੌਰਾਨ ਸ਼ਹਿਰੀ ਇਲਾਕੇ ਵਿੱਚ ਏਡੀਜੀਪੀ ਐਮਐਫ ਫਰੂਕੀ ਅਤੇ ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਦੀ ਅਗਵਾਈ ਹੇਠ ਮਕਬੂਲਪੁਰਾ ਇਲਾਕੇ ਦੇ ਫਲੈਟਾਂ ਵਿਚ ਜਾਂਚ ਕੀਤੀ ਗਈ । ਇਸ ਦੌਰਾਨ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 11ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਨ੍ਹਾਂ ਤੋਂ ਇਲਾਵਾ 11 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ। ਇਸੇ ਤਰ੍ਹਾਂ 11 ਵਾਹਨ ਜ਼ਬਤ ਕੀਤੇ ਗਏ ਹਨ।
ਦੀਨਾਨਗਰ (ਸਰਬਜੀਤ ਸਾਗਰ): ਇੱਥੇ ਅੱਜ ਪਿੰਡ ਅਵਾਂਖਾ ’ਚ ਤਲਾਸ਼ੀ ਅਭਿਆਨ ਚਲਾਇਆ ਗਿਆ। ਪੁਲੀਸ ਵੱਲੋਂ ਇਹ ਛਾਪਾ ਐੱਸਪੀ (ਡੀ) ਮੁਕੇਸ਼ ਕੁਮਾਰ ਦੀ ਦੇਖਰੇਖ ਹੇਠ ਮਾਰਿਆ ਗਿਆ। ਉੱਧਰ ਐਸਐਸਪੀ ਦਫ਼ਤਰ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਕਿ 350 ਦੇ ਕਰੀਬ ਪੁਲੀਸ ਮੁਲਾਜ਼ਮਾਂ ਨੇ ਦੀਨਾਨਗਰ ਦੇ ਪਿੰਡ ਅਵਾਂਖਾ, ਪਨਿਆੜ ਅਤੇ ਡੀਡਾ ਸਾਂਸੀਆਂ ਵਿੱਚ ਸਰਚ ਅਭਿਆਨ ਚਲਾ ਕੇ 63,300 ਰੁਪਏ ਦੀ ਨਗਦੀ, 13 ਮੋਟਰਸਾਈਕਲ, 6 ਸਕੂਟਰੀਆਂ, 14 ਮੋਬਾਈਲ ਫੋਨ, 3 ਬੈਂਕ ਦੀਆਂ ਕਾਪੀਆਂ ਅਤੇ 4 ਏਟੀਐੱਮ ਕਾਰਡ ਸ਼ੱਕੀ ਹੋਣ ਕਾਰਨ ਕਬਜ਼ੇ ਵਿੱਚ ਲਏ ਹਨ। ਇਸ ਤੋਂ ਇਲਾਵਾ ਇੱਕ ਮੁਲਜ਼ਮ ਦੇ ਘਰੋਂ 10 ਬੋਤਲਾਂ ਨਾਜਾਇਜ਼ ਸ਼ਰਾਬ ਦੀ ਬਰਾਮਦਗੀ ਕੀਤੀ ਗਈ ਹੈ।
ਪਠਾਨਕੋਟ (ਐੱਨਪੀ ਧਵਨ): ਇੱਥੇ ਅੱਜ ਸੁਜਾਨਪੁਰ ਵਿੱਚ ਸਰਚ ਅਭਿਆਨ ਚਲਾਇਆ ਗਿਆ। ਪੁਲੀਸ ਪ੍ਰਸ਼ਾਸਨ ਵੱਲੋਂ ਮੁਹੱਲਾ ਪ੍ਰੇਮ ਨਗਰ ਵਿੱਚ ਡੀਆਈਜੀ ਬਲਜੋਤ ਸਿੰਘ ਰਾਠੌਰ, ਐੱਸਐੱਸਪੀ ਅਰੁਣ ਸੈਣੀ, ਐੱਸਪੀ ਮਨੋਜ ਠਾਕੁਰ, ਐੱਸਪੀ ਬਰਿੰਦਰ, ਐੱਸਐੱਚਓ ਨਵਦੀਪ ਸ਼ਰਮਾ ਅਤੇ ਕਈ ਉਚ ਅਧਿਕਾਰੀਆਂ ਵੱਲੋਂ ਪੁਲੀਸ ਬਲ ਦੇ ਨਾਲ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਨਾਜਾਇਜ਼ ਸ਼ਰਾਬ ਬਰਾਮਦ ਹੋਈ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਇੱਥੇ ਅੱਜ ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ 11 ਤੋਂ ਲੈ ਕੇ 3 ਵਜੇ ਤੱਕ ਚਲਾਈ ਇਸ ਮੁਹਿੰਮ ਦੌਰਾਨ 460 ਗਰਾਮ ਹੈਰੋਇਨ, ਚਾਰ ਵਾਇਲਾਂ, 474 ਖੁੱਲ੍ਹੀਆਂ ਹੋਈਆਂ ਨਸ਼ੀਲੀਆਂ ਗੋਲੀਆਂ, 38,250 ਮਿਲੀਲਿਟਰ ਨਾਜਾਇਜ਼ ਸ਼ਰਾਬ ਅਤੇ 650 ਕਿਲੋਗਰਾਮ ਲਾਹਣ ਬਰਾਮਦ ਕੀਤੀ ਗਈ| ਪੁਲੀਸ ਨੇ ਦੱਸਿਆ ਕਿ ਸਬੰਧਤ ਥਾਣਾ ਦੀ ਪੁਲੀਸ ਵੱਲੋਂ ਇਸ ਸਬੰਧੀ 14 ਕੇਸ ਦਰਜ ਕਰਕੇ ਇੰਨੇ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ|
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਇੱਥੇ ਪਿੰਡ ਦੇਣੋਵਾਲ ਖੁਰਦ ਬਸਤੀ ਸਾਂਸੀਆਂ ,ਡੇਰਾ ਦੇਣੋਵਾਲ ਖੁਰਦ ਵਿੱਚ ਡੀਆਈਜੀ ਜਲੰਧਰ ਰੇਂਜ ਡਾ. ਐਸ ਭੂਪਤੀ ਅਤੇ ਐੱਸਐੱਸਪੀ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਦੀ ਨਿਗਰਾਨੀ ਹੇਠ ਅੱਜ ਇੱਥੇ ਪੁਲੀਸ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਸਰਚ ਆਪ੍ਰੇਸ਼ਨ ਦੌਰਾਨ ਐੱਸਪੀਡੀ ਹੁਸ਼ਿਆਰਪੁਰ ਮੁਖਤਿਆਰ ਰਾਏ, ਡੀਐੱਸਪੀ ਨਰਿੰਦਰ ਸਿੰਘ ਔਜਲਾ ਅਤੇ ਐੱਸਐੱਚ ਓ ਕਰਨੈਲ ਸਿੰਘ ਵੀ ਨਾਲ ਸਨ।
ਛਾਪੇ ਤੋਂ ਪਹਿਲਾਂ ਹੀ ਨਸ਼ਾ ਤਸਕਰ ਰੂਪੋਸ਼, ਪੁਲੀਸ ਦੇ ਹੱਥ ਖਾਲੀ
ਸ੍ਰੀ ਗੋਇੰਦਵਾਲ ਸਾਹਿਬ (ਜਤਿੰਦਰ ਸਿੰਘ ਬਾਵਾ): ਇੱਥੇ ਅੱਜ ਸਬ ਡਿਵੀਜ਼ਨ ਖਡੂਰ ਸਾਹਿਬ ਦੇ ਡੀਐੱਸਪੀ ਜਸਤਿੰਦਰ ਸਿੰਘ ਦੀ ਅਗਵਾਈ ਵਿਚ ਐੱਸਐੱਚਓ ਰਾਜਿੰਦਰ ਸਿੰਘ ਵੱਲੋਂ ਇੱਥੇ ਨਿੰਮ ਵਾਲੀ ਘਾਟੀ ਵਿੱਚ ਨਸ਼ਾ ਤਸਕਰਾਂ ਦੇ ਅੱਡਿਆਂ ’ਤੇ ਛਾਪਾ ਮਾਰਿਆ ਗਿਆ। ਛਾਪੇ ਦੌਰਾਨ ਨਸ਼ਾ ਤਸਕਰ ਰੂਪੋਸ਼ ਦਿਖਾਈ ਦਿੱਤੇ ਜਦਕਿ ਪੁਲੀਸ ਵੱਲੋਂ ਵੱਖ-ਵੱਖ ਸ਼ੱਕੀ ਅੱਡਿਆਂ ਦੀ ਤਲਾਸ਼ੀ ਲਈ ਗਈ। ਪੁਲੀਸ ਵੱਲੋਂ ਵੱਡੇ ਪੱਧਰ ’ਤੇ ਕੀਤੀ ਕਾਰਵਾਈ ਮਗਰੋਂ ਪੁਲੀਸ ਦੇ ਹੱਥ ਖਾਲੀ ਦਿਖਾਈ ਦਿੱਤੇ। ਇਸ ਦੇ ਚੱਲਦਿਆਂ ਪੁਲੀਸ ਪ੍ਰਸ਼ਾਸਨ ਨੇ ਆਪਣੀ ਸ਼ਾਖ ਬਚਾਉਣ ਲਈ ਨਸ਼ਿਆਂ ਸਬੰਧੀ ਦੋ ਮਾਮਲੇ ਦਰਜ ਕੀਤੇ ਹਨ। ਇਸ ਛਾਪੇਮਾਰੀ ਦੀ ਅਗਵਾਈ ਐੱਸਐੱਚਓ ਰਾਜਿੰਦਰ ਸਿੰਘ ਅਤੇ ਵਧੀਕ ਐੱਸਐੱਚਓ ਗੁਰਤੇਜ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਪੁਲੀਸ ਦੀ ਸਖਤੀ ਕਾਰਨ ਜ਼ਿਆਦਾਤਰ ਨਸ਼ਾ ਵੇਚਣ ਵਾਲੇ ਆਪਣੇ ਅੱਡਿਆਂ ਤੋਂ ਰੂਪੋਸ਼ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਨਸ਼ਿਆ ਖ਼ਿਲਾਫ਼ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕਿ ਨਸ਼ਿਆਂ ਸਬੰਧੀ ਦੋ ਕੇਸ ਦਰਜ ਕੀਤੇ ਜਾ ਰਹੇ ਹਨ।
ਮਹਿਲਾ ਤਸਕਰ ਦੇ ਘਰੋਂ 15 ਗ੍ਰਾਮ ਹੈਰੋਇਨ ਬਰਾਮਦ, ਧੀ ਗ੍ਰਿਫ਼ਤਾਰ
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਇੱਥੇ ਐੱਸਐੱਸਪੀ ਜਲੰਧਰ (ਦਿਹਾਤੀ) ਸਵਪਨ ਸ਼ਰਮਾ, ਐੱਸਪੀ ਮਨਪ੍ਰੀਤ ਸਿੰਘ, ਡੀਐੱਸਪੀ ਸੁਰਿੰਦਰ ਸਿੰਘ ਧੋਗੜੀ, ਥਾਣਾ ਕਰਤਾਰਪੁਰ ਦੇ ਮੁਖੀ ਰਮਨਦੀਪ ਸਿੰਘ ਦੀ ਅਗਵਾਈ ਵਿੱਚ ਅੱਜ ਪੁਲੀਸ ਮੁਲਾਜ਼ਮਾਂ ਨੇ ਥਾਣਾ ਭੋਗਪੁਰ ਵਿੱਚ ਪੈਂਦੇ ਨਸ਼ਾ ਤਸਕਰਾਂ ਵਾਲਾ ਪਿੰਡ ਕਿੰਗਰਾ ਚੋ ਵਾਲਾ ਨੂੰ ਘੇਰਾ ਪਾ ਲਿਆ। ਇਸ ਮੌਕੇ ਥਾਣਾ ਭੋਗਪੁਰ ਅਤੇ ਥਾਣਾ ਆਦਮਪੁਰ ਦੀ ਪੁਲੀਸ ਨੂੰ ਇਸ ਕਾਰਵਾਈ ਤੋਂ ਲਾਂਭੇ ਰੱਖਿਆ ਗਿਆ। ਸੀਨੀਅਰ ਪੁਲੀਸ ਅਫਸਰਾਂ ਦੀ ਅਗਵਾਈ ਵਿੱਚ ਪਿੰਡ ਕਿੰਗਰਾ ਚੋ ਵਾਲਾ ਘਰ-ਘਰ ਦੀ ਤਲਾਸ਼ੀ ਵਾਲੀ ਕਾਰਵਾਈ ਦੌਰਾਨ ਇੱਕ ਮਹਿਲਾ ਤਸਕਰ ਦੇ ਘਰ ਵਿੱਚੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ ਪਰ ਮਹਿਲਾ ਤਸਕਰ ਫ਼ਰਾਰ ਹੋ ਗਈ। ਪੁਲੀਸ ਨੇ ਉਸ ਦੀ ਧੀ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਭੋਗਪੁਰ ਦੇ ਮੁਖੀ ਰਛਪਾਲ ਸਿੰਘ ਨੇ ਕਿਹਾ ਕਿ ਇਹ ਕਾਰਵਾਈ ਉੱਚ ਪੁਲੀਸ ਅਫ਼ਸਰਾਂ ਨੇ ਗੁਪਤ ਕੀਤੀ ਹੈ ਅਤੇ ਥਾਣਾ ਭੋਗਪੁਰ ਦੀ ਪੁਲੀਸ ਨੂੰ ਇਸ ਕਾਰਵਾਈ ਤੋਂ ਦੂਰ ਰੱਖਿਆ ਗਿਆ ਹੈ।