ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਅਕਤੂਬਰ
ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਵੱਲੋਂ ਵੱਖ-ਵੱਖ ਕੇਸਾਂ ਵਿਚ ਬਰਾਮਦ ਕੀਤੇ ਕਰੋੜਾਂ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਅੱਜ ਇੱਥੇ ਖੰਨਾ ਪੇਪਰ ਮਿੱਲ ਦੀ ਭੱਠੀ ਦੀ ਅੱਗ ਵਿੱਚ ਨਸ਼ਟ ਕਰ ਦਿੱਤੇ ਗਏ ਹਨ। ਇਹ ਨਸ਼ੀਲੇ ਪਦਾਰਥ ਨਸ਼ਟ ਕਰਨ ਸਮੇਂ ਪੁਲੀਸ ਦੇ ਡਿਪਟੀ ਕਮਿਸ਼ਨਰ ਮੁਖਵਿੰਦਰ ਸਿੰਘ ਭੁੱਲਰ, ਏਡੀਸੀਪੀ ਹਰਜੀਤ ਧਾਲੀਵਾਲ, ਗੁਰਿੰਦਰ ਸਿੰਘ ਨਾਗਰਾ ਸਣੇ ਹੋਰ ਅਧਿਕਾਰੀ ਹਾਜ਼ਰ ਸਨ।
ਡੀਸੀਪੀ ਨੇ ਦੱਸਿਆ ਕਿ ਐੱਨਡੀਪੀਐੱਸ ਐਕਟ ਹੇਠ ਪੁਲੀਸ ਵੱਲੋਂ ਬਰਾਮਦ ਕੀਤੇ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਤਿੰਨ ਕਿਲੋ 42 ਗ੍ਰਾਮ ਹੈਰੋਇਨ, 1 ਕਿਲੋ ਚਰਸ, 17 ਕਿਲੋ ਭੁੱਕੀ, 64 ਕਿਲੋ ਗਾਂਜਾ ਅਤੇ 21 ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਣੇ ਚਾਰ ਕਿਲੋ ਤੋਂ ਵੱਧ ਨਾਰਕੋਟਿਕਸ ਪਾਊਡਰ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਲਗਾਤਾਰ ਯਤਨ ਜਾਰੀ ਹਨ। ਇਸ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ ਨਸ਼ੀਲੇ ਪਦਾਰਥ ਕਿੱਥੋਂ ਪ੍ਰਾਪਤ ਕੀਤੇ ਅਤੇ ਕਿਸ ਨੂੰ ਅਗਾਂਹ ਸਪਲਾਈ ਕਰਨੇ ਸਨ ਆਦਿ ਅਜਿਹੇ ਸਾਰੇ ਸਰੋਤਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਪੁਲੀਸ ਸਹਿਯੋਗ ਦੇਣ।
ਛੇ ਮੁਲਜ਼ਮ ਨਸ਼ੀਲੇ ਪਦਾਰਥਾਂ ਅਤੇ ਚੋਰੀ ਦੇ ਵਾਹਨਾਂ ਸਣੇ ਕਾਬੂ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਸੀਆਈਏ ਸਟਾਫ ਅੰਮ੍ਰਿਤਸਰ ਸਿਟੀ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਦੀ ਨਿਗਰਾਨੀ ਹੇਠ ਐਸਆਈ ਅਮਰਜੀਤ ਸਿੰਘ ਸਣੇ ਪੁਲੀਸ ਪਾਰਟੀ ਏਐਸਆਈ ਜੈਬੀਰ ਸਿੰਘ, ਏਐਸਆਈ ਦਰਸ਼ਨ ਸਿੰਘ, ਸਿਪਾਹੀ ਰਾਹੁਲ ਦੱਤਾ ਅਤੇ ਸਿਪਾਹੀ ਆਤਿਸ਼ ਵੱਲੋਂ ਗਸ਼ਤ ਦੌਰਾਨ ਵਡਾਲੀ ਮੋੜ ਨੇੜੇ ਚੈਕਿੰਗ ਦੌਰਾਨ ਕੁਲਵਿੰਦਰ ਸਿੰਘ ਨੂੰ ਕਾਬੂ ਕਰ ਕੇ ਉਸ ਪਾਸੋਂ 50 ਗ੍ਰਾਮ ਹੈਰੋਇਨ ਤੇ 1 ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਡੀ-ਡਵੀਜ਼ਨ ਵੱਲੋਂ 40 ਗ੍ਰਾਮ ਹੈਰੋਇਨ ਸਣੇ ਰਿੰਕੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਡੀ-ਡਵੀਜ਼ਨ ਨੇ ਪੰਜ ਮੋਟਰਸਾਈਕਲ ਅਤੇ ਇੱਕ ਐਕਟੀਵਾ ਸਣੇ ਲਵਦੀਪ ਸਿੰਘ ਨੂੰ ਕਾਬੂ ਕੀਤਾ ਹੈ। ਉਧਰ ਥਾਣਾ ਰਣਜੀਤ ਐਵੇਨਿਊ ਵੱਲੋਂ ਤਫ਼ਤੀਸ਼ ਦੌਰਾਨ ਇੱਕ ਐਕਟਿਵਾ ਤੇ 7 ਮੋਟਰਸਾਈਕਲਾਂ ਸਣੇ ਤਿੰਨ ਮੁਲਜ਼ਮਾਂ ਕਰਨਬੀਰ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਤੇਗ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਖ ਅਫ਼ਸਰ ਥਾਣਾ ਰਣਜੀਤ ਐਵੇਨਿਊ ਇੰਸਪੈਕਟਰ ਜਸਪਾਲ ਸਿੰਘ ਅਨੁਸਾਰ ਮੁਲਜ਼ਮਾਂ ਤੋਂ ਪੜਤਾਲ ਕੀਤੀ ਜਾ ਰਹੀ ਹੈ।