ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਜੂਨ
ਅਮਰੀਕਾ ਆਧਾਰਿਤ ਜਥੇਬੰਦੀ ਈਕੋਸਿੱਖ ਵਲੋਂ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਦੇ 450ਵੇਂ ਵਰ੍ਹੇ ਨੂੰ ਸਮਰਪਿਤ ਇਥੇ 450 ਗੁਰੂ ਨਾਨਕ ਪਵਿੱਤਰ ਜੰਗਲ ਲਾਉਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਸ਼ਹਿਰ ਵਿਚ ਵਾਤਾਵਰਣ ਪ੍ਰਦੂਸ਼ਨ ਦੇ ਸੰਕਟ ਨੂੰ ਹਲ ਕਰਨ ਵਿਚ ਮਦਦ ਮਿਲੇਗੀ। ਇਹ 450 ਸਥਾਪਨਾ ਵਰ੍ਹਾ 2027 ਵਿਚ ਮਨਾਇਆ ਜਾਵੇਗਾ ਪਰ ਜਥੇਬੰਦੀ ਵਲੋਂ ਇਹ 5 ਸਾਲਾ ਮੁਹਿੰਮ ਇਸ ਵਰ੍ਹੇ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਜਥੇਬੰਦੀ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ 10 ਲੱਖ ਬੂਟੇ ਲਾਉਣ ਦੇ ਟੀਚੇ ਤਹਿਤ 550 ਬੂਟੇ ਦੇ 400 ਤੋਂ ਵੱਧ ਜੰਗਲ ਲਾਏ ਜਾ ਚੁੱਕੇ ਹਨ। ਈਕੋ ਸਿੱਖ ਦੇ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਗੁਰੂ ਨਗਰੀ ’ਚ ਲੋਕਾਂ ਦੀ ਵੱਡੀ ਆਮਦ ਨੂੰ ਦੇਖਦਿਆਂ ਇਥੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਕਦਮ ਚੁੱਕਣੇ ਅਤੇ ਵਾਤਾਵਰਨ ਖਰਾਬ ਹੋਣ ਤੋਂ ਬਚਾਉਣ ਲਈ ਪੌਦੇ ਲਾਉਣੇ ਬੇਹੱਦ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨਾਲ ਵੱਖ ਵੱਖ ਜਥੇਬੰਦੀਆਂ ਨੂੰ ਜੋੜਿਆ ਜਾਵੇਗਾ ਅਤੇ ਤਾਂ ਜੋ ਸ਼ਹਿਰ ਦੀ ਵਿਲੱਖਣਤਾ ਨੂੰ ਆਉਂਦੀਆਂ ਪੀੜ੍ਹੀਆਂ ਲਈ ਬਚਾਅ ਕੇ ਰੱਖਿਆ ਜਾ ਸਕੇ। ਪ੍ਰਾਜੈਕਟ ਕਨਵੀਨਰ ਚਰਨ ਸਿੰਘ ਨੇ ਕਿਹਾ ਕਿ ਦੁਨੀਆ ਭਰ ਵਿਚ ਲੋਕ ਅੰਮ੍ਰਿਤਸਰ ਸ਼ਹਿਰ ਦਾ ‘ਹੋਲੀ ਸਿਟੀ ’ਵਜੋਂ ਸਤਿਕਾਰ ਕਰਦੇ ਹਨ। ਇਸ ਲਈ ਇਸ ਦੇ ਵਾਤਾਵਰਨ ਨੂੰ ਬਚਾਉਣ ਲਈ ਸਾਰਿਆਂ ਨੂੰ ਯਤਨ ਕਰਨ ਦੀ ਲੋੜ ਹੈ।