ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਅਗਸਤ
ਅੰਮ੍ਰਿਤਸਰ-ਅਟਾਰੀ ਬਾਈਪਾਸ ਰੋਡ ’ਤੇ ਸਥਿਤ ਹੋਲੀ ਸਿਟੀ ਕਲੋਨੀ ਵਿੱਚ ਬੀਤੀ ਦੇਰ ਰਾਤ ਇੱਕ ਬਜ਼ੁਰਗ ਦਾ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇੱਥੇ ਕਲੋਨੀ ਦੇ ਲੋਕਾਂ ਨੇ ਅੱਜ ਸ਼ਾਮ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਫਿਲਹਾਲ ਪੁਲੀਸ ਕਾਤਲਾਂ ਬਾਰੇ ਹੁਣ ਤੱਕ ਕੋਈ ਸੁਰਾਗ ਨਹੀਂ ਲਾ ਸਕੀ। ਜ਼ਿਕਰਯੋਗ ਹੈ ਕਿ ਇਸ ਕਲੋਨੀ ਵਿੱਚ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਵੀ ਰਿਹਾਇਸ਼ ਹੈ।
ਮ੍ਰਿਤਕ ਦੀ ਸ਼ਨਾਖਤ ਮੋਹਨ ਸਿੰਘ ਵਜੋਂ ਹੋਈ ਹੈ ਜੋ 83 ਵਰ੍ਹਿਆਂ ਦੇ ਸੀ। ਉਨ੍ਹਾਂ ਦੇ ਦੋ ਪੈਟਰੋਲ ਪੰਪ ਹਨ ਜਿਨ੍ਹਾਂ ਵਿੱਚੋਂ ਇੱਕ ਫਤਿਹਗੜ੍ਹ ਚੂੜੀਆਂ ਰੋਡ ਅਤੇ ਦੂਸਰਾ ਹਵਾਈ ਅੱਡਾ ਸੜਕ ’ਤੇ ਹੈ। ਬੀਤੀ ਰਾਤ ਜਦੋਂ ਉਹ ਪੈਟਰੋਲ ਪੰਪ ਤੋਂ ਘਰ ਵਾਪਸ ਆਇਆ ਅਤੇ ਕਾਰ ਵਿੱਚੋਂ ਉਤਰਨ ਲੱਗਿਆ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਗੋਲੀ ਚਲਾ ਦਿੱਤੀ। ਇਸ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ ਰਾਤ ਸਾਢੇ ਦਸ-ਗਿਆਰਾਂ ਵਜੇ ਦੇ ਵਿਚਾਲੇ ਵਾਪਰੀ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ, ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਤੇ ਹੋਰ ਪੁਲੀਸ ਅਧਿਕਾਰੀ ਪੁੱਜੇ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਚਲਾਈ ਗੋਲੀ ਮੋਹਨ ਸਿੰਘ ਦੀ ਸੱਜੀ ਲੱਤ ਵਿੱਚ ਲੱਗੀ ਸੀ ਜਿਸ ਕਾਰਨ ਉਨ੍ਹਾਂ ਦਾ ਵਧੇਰੇ ਖ਼ੂਨ ਵਹਿ ਗਿਆ ਅਤੇ ਮੌਤ ਹੋ ਗਈ। ਪੁਲੀਸ ਨੂੰ ਸ਼ੱਕ ਹੈ ਕਿ ਇਸ ਕਤਲ ਪਿੱਛੇ ਕੋਈ ਪੁਰਾਣੀ ਦੁਸ਼ਮਣੀ ਦਾ ਮਾਮਲਾ ਹੋ ਸਕਦਾ ਹੈ ਕਿਉਂਕਿ ਹਮਲਾਵਰਾਂ ਨੇ ਕਾਰ ਵਿੱਚ ਰੱਖੀ ਨਕਦੀ ਨੂੰ ਛੇੜਿਆ ਵੀ ਨਹੀਂ ਹੈ। ਇਸ ਤੋਂ ਸਪੱਸ਼ਟ ਹੈ ਕਿ ਹਮਲਾਵਰ ਸਿਰਫ਼ ਉਸ ਨੂੰ ਮਾਰਨਾ ਚਾਹੁੰਦੇ ਸਨ।
ਪੁਲੀਸ ਸੂਤਰਾਂ ਮੁਤਾਬਕ ਹਮਲਾਵਰਾਂ ਵੱਲੋਂ ਪੁਆਇੰਟ 32 ਬੋਰ ਦੀ ਪਿਸਤੌਲ ਨਾਲ ਗੋਲੀ ਚਲਾਈ ਗਈ ਹੈ ਪਰ ਇਸ ਦੀ ਕੋਈ ਆਵਾਜ਼ ਨਹੀਂ ਆਈ। ਪੁਲੀਸ ਨੂੰ ਸ਼ੱਕ ਹੈ ਕਿ ਹਮਲਾਵਰਾਂ ਨੇ ਪਿਸਤੌਲ ’ਤੇ ਸਾਇਲੰਸਰ ਲਾਇਆ ਹੋਵੇਗਾ। ਪੁਲੀਸ ਕਮਿਸ਼ਨਰ ਨੇ ਆਖਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਹਮਲਾਵਰ ਗ੍ਰਿਫ਼ਤਾਰ ਕਰ ਲਏ ਜਾਣਗੇ। ਡੀਸੀਪੀ ਨੇ ਆਖਿਆ ਕਿ ਪੁਲੀਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਘੋਖਿਆ ਜਾ ਰਿਹਾ ਹੈ ਤਾਂ ਜੋ ਹਮਲਾਵਰਾਂ ਬਾਰੇ ਕੋਈ ਸੁਰਾਗ ਮਿਲ ਸਕੇ।
ਇਸ ਦੌਰਾਨ ਅੱਜ ਸ਼ਾਮ ਨੂੰ ਹੋਲੀ ਸਿਟੀ ਦੇ ਲੋਕਾਂ ਵੱਲੋਂ ਇੱਥੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਲੋਕਾਂ ਨੇ ਆਖਿਆ ਕਿ ਇਹ ਕਾਨੂੰਨੀ ਪ੍ਰਾਈਵੇਟ ਕਲੋਨਾਈਜ਼ਰ ਵੱਲੋਂ ਬਣਾਈ ਗਈ ਹੈ ਜਿਸ ਨੇ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਲੋਨਾਈਜ਼ਰ ਅਤੇ ਪੁਲੀਸ ਪ੍ਰਸ਼ਾਸਨ ਨੂੰ ਕਈ ਵਾਰ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਅਪੀਲ ਕੀਤੀ ਹੈ ਪਰ ਹੁਣ ਤੱਕ ਕੁਝ ਨਹੀਂ ਹੋਇਆ।
ਹੋਲੀ ਸਿਟੀ ਰੈਜ਼ੀਡੈਂਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਆਖਿਆ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਪੱਤਰ ਵੀ ਦਿੱਤੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਕਲੋਨੀ ਵਿੱਚ ਹੋਰ ਵੀ ਕਈ ਕਮੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਲੋਨੀ ਵਿੱਚ ਕਈ ਵਾਰ ਲੁੱਟ-ਖੋਹ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ ਅਤੇ ਹੁਣ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਪਰ ਪ੍ਰਸ਼ਾਸਨ ਅਜੇ ਵੀ ਸੁੱਤਾ ਹੋਇਆ ਹੈ।