ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 12 ਜਨਵਰੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਵਿਕਾਸ ਕੇਂਦਰ ਵਿਖੇ ‘ਮੌਜੂਦਾ ਅਧਿਐਨ (ਕੁਦਰਤੀ ਅਤੇ ਸਮਾਜਿਕ) ਵਿਸ਼ੇ ’ਤੇ ਦੋ ਹਫ਼ਤਿਆਂ ਦਾ ਆਨਲਾਈਨ ਰਿਫਰੈਸ਼ਰ ਕੋਰਸ’ ਅੱਜ ਸ਼ੁਰੂ ਹੋ ਗਿਆ। ਇਸ ਕੋਰਸ ਵਿੱਚ ਕਰਨਾਟਕ, ਅਰੁਣਾਚਲ ਪ੍ਰਦੇਸ, ਰਾਜਸਥਾਨ, ਯੂ.ਪੀ. ਅਤੇ ਪੰਜਾਬ ਤੋਂ ਅਧਿਆਪਕ ਭਾਗ ਲੈ ਰਹੇ ਹਨ। ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਦੀਪ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਤਿੰਨ ਮੌਜੂਦਾ ਹਾਲਾਤ ਭੌਤਿਕ, ਵਾਤਾਵਰਣ ਅਤੇ ਜੀਵਨ ਵਿਗਿਆਨ ’ਤੇ ਜ਼ੋਰ ਦਿੱਤਾ ਜੋ ਅਕਾਦਮਿਕ ਭਾਈਚਾਰੇ ਲਈ ਵਧੇਰੇ ਧਿਆਨ ਦੇਣ ਦੀ ਮੰਗ ਕਰਦੇ ਹਨ। ਵਿਸ਼ਵੀਕਰਨ ਦੇ ਯੁੱਗ ਵਿੱਚ ਅਤੇ ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਸਮਾਜ ਨੂੰ ਦਰਪੇਸ਼ ਗੁੰਝਲਦਾਰ ਚੁਣੌਤੀਆਂ ਦੀ ਮੈਪਿੰਗ ਅਤੇ ਬਿਹਤਰ ਸਮਝ ਲਈ ਨਵੇਂ ਅਧਿਐਨਾਂ, ਖੋਜਾਂ ਅਤੇ ਹੁਨਰਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਅਧਿਐਨਾਂ ਅਤੇ ਖੋਜਾਂ ਨੂੰ ਇਨ੍ਹਾਂ ਚੁਣੌਤੀਪੂਰਨ ਮੁੱਦਿਆਂ ’ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਮੌਕਿਆਂ ਦੀ ਉਪਲਬਧਤਾ ਭਾਵੇਂ ਉਹ ਆਨਲਾਈਨ ਜਾਂ ਭੌਤਿਕ ਹੋਵੇ, ਦਾ ਜ਼ਰੂਰ ਫਾਇਦਾ ਲੈਣਾ ਚਾਹੀਦਾ ਹੈ।
ਕੇਂਦਰ ਦੀ ਡਾਇਰੈਕਟਰ ਪ੍ਰੋ. ਸੁਧਾ ਜਤਿੰਦਰ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਪਿਛਲੇ ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਮੌਜੂਦਾ ਅਧਿਐਨਾਂ ਵਿੱਚ ਇਸ ਰਿਫਰੈਸ਼ਰ ਕੋਰਸ ਦੀ ਬਹੁਤ ਮਹੱਤਤਾ ਬਣ ਜਾਂਦੀ ਹੈ ਕਿਉਂਕਿ ਇਸ ਦਾ ਉਦੇਸ਼ ਸਿਖਿਆਰਥੀਆਂ ਨੂੰ ਖੋਜ ਦੀਆਂ ਮੁੱਲਵਾਨ ਦਿਸ਼ਾਵਾਂ ਵੱਲ ਵਾਪਸ ਲਿਆਉਣਾ ਹੈ।
ਕੋਰਸ ਕੋਆਰਡੀਨੇਟਰ ਪ੍ਰੋ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਕੋਰਸ ਦੇ ਵਿਸ਼ੇ ਦੇ ਸੰਦਰਭ ਵਿਚ ਪ੍ਰਮੁੱਖ ਖੇਤਰਾਂ ਜਿਵੇਂ ਕਿ ਨਿਊ ਮੀਡੀਆ, ਲੋਕਧਾਰਾ ਅਤੇ ਸੱਭਿਆਚਾਰ ਅਧਿਐਨ, ਸੂਚਨਾ ਅਤੇ ਸਾਈਬਰ ਸੁਰੱਖਿਆ, ਉੱਦਮਤਾ, ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ, ਖੇਤੀਬਾੜੀ, ਟਿਕਾਊ ਵਿਕਾਸ ਟੀਚੇ, ਸਿੱਖਿਆ, ਸਥਿਰਤਾ ਵਿਗਿਆਨ, ਫੋਰੈਂਸਿਕ ਵਿਗਿਆਨ, ਬਣਾਵਟੀ ਗਿਆਨ, ਪ੍ਰਾਹੁਣਚਾਰੀ/ਹੋਟਲ/ਸੈਰ ਸਪਾਟਾ ਯਾਤਰਾ ਪ੍ਰਬੰਧ, ਐਨੀਮੇਸ਼ਨ ਅਤੇ ਗ੍ਰਾਫਿਕਸ, ਗਲੋਬਲ ਕੂਟਨੀਤੀ, ਰਾਸ਼ਟਰੀ ਸੁਰੱਖਿਆ, ਮੌਸਮੀ ਤਬਦੀਲੀ, ਯੁੱਧ ਅਤੇ ਸ਼ਾਂਤੀ ਨੂੰ ਇਨ੍ਹਾਂ ਦੋ ਹਫਤਿਆਂ ਦੌਰਾਨ ਵਿਚਾਰ-ਵਟਾਂਦਰੇ ਦਾ ਹਿੱਸਾ ਬਣਾਇਆ ਜਾਵੇਗਾ।