ਪੱਤਰ ਪ੍ਰੇਰਕ
ਅੰਮ੍ਰਿਤਸਰ, 29 ਦਸੰਬਰ
ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਵਲੋਂ ਸੱਤ ਰੋਜ਼ਾ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਅੱਜ ਛੇਵਾਂ ਦਿਨ ਪੰਜਾਬੀ ਸਾਹਿਤਕ ਗੀਤਕਾਰੀ ਦੇ ਨਾਂ ਰਿਹਾ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿੱਚ ਹੋਏ ਅੱਜ ਦੇ ਸਮਾਗਮ ਦੀ ਪ੍ਰਧਾਨਗੀ ਵਰਿੰਦਰ ਸਹਿਦੇਵ ਨੇ ਕੀਤੀ। ਸ਼ਾਇਰ ਦੇਵ ਦਰਦ ਨੇ ਮਹਿਮਾਨ ਗੀਤਕਾਰਾਂ ਨਾਲ ਜਾਣ ਪਛਾਣ ਕਰਾਈ। ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਸਵਾਗਤ ਕੀਤਾ। ਨਿੰਮਾ ਲੋਹਾਰਕਾ ਅਤੇ ਮੱਖਣ ਭੈਣੀਵਾਲ ਨੇ ਗੀਤਾਂ ਨਾਲ ਸਰੋਤਿਆਂ ਨੂੰ ਕੀਲਿਆ। ਅੰਕਿਤਾ ਸਹਿਦੇਵ ਅਤੇ ਪਰਮਜੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ।
ਲੇਖਿਕਾ ਸਬਲੋਕ ਨਾਲ ਸਾਹਿਤਕ ਸੰਵਾਦ ਰਚਾਇਆ
ਬੰਗਾ (ਪੱਤਰ ਪ੍ਰੇਰਕ): ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਵਲੋਂ ‘ਸੱਤ ਦਿਨ, ਸੱਤ ਲੇਖਕ ਅਤੇ ਸੱਤ ਥਾਵਾਂ’ ਦੀ ਲੜੀ ਤਹਿਤ ਖਟਕੜ ਕਲਾਂ ਵਿੱਚ ਹੋ ਰਹੇ ਸਮਾਗਮਾਂ ਦਾ ਅੱਜ ਛੇਵਾਂ ਦਿਨ ਸੀ। ਪੰਜਾਬੀ ਸਾਹਿਤ ਸਭਾ ਖਟਕੜ ਕਲਾਂ (ਬੰਗਾ) ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਯਾਦਗਾਰੀ ਅਜਾਇਬ ਘਰ ਵਿੱਚ ਅੱਜ ਛੇਵੇਂ ਦਿਨ ਲੇਖਿਕਾ ਸੋਮਾ ਸਬਲੋਕ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਜ਼ਿਲ੍ਹਾ ਭਾਸ਼ਾ ਅਫ਼ਸਰ ਸੁਰਿੰਦਰ ਕੌਰ, ਐਨਆਰਆਈ ਸੁਰਿੰਦਰ ਸਿੰਘ ਖਾਲਸਾ ਅਤੇ ਸਮਾਗਮ ਦੇ ਕਨਵੀਨਰ ਹਰਬੰਸ ਹੀਉਂ ਸ਼ਾਮਲ ਸਨ। ਸੋਮਾ ਸਬਲੋਕ ਨੇ ਆਪਣੀਆਂ ਕਾਵਿ ਰਚਨਾਵਾਂ ਅਤੇ ਕਹਾਣੀ ‘ਚਾਨਣੀ ਰਾਤ ਵਿੱਚ ਲਿਖੇ ਸਿਰਨਾਵੇਂ’ ਦਾ ਪਾਠ ਸਰੋਤਿਆਂ ਨਾਲ ਸਾਂਝਾ ਕੀਤਾ। ਅੱਜ ਦੇ ਸਮਾਗਮ ਵਿੱਚ ਦੀਪ ਕਲੇਰ, ਜਸਵੰਤ ਖਟਕੜ, ਰਜਨੀ ਸ਼ਰਮਾ ਤੇ ਤਲਵਿੰਦਰ ਸ਼ੇਰਗਿੱਲ ਆਦਿ ਹਾਜ਼ਰ ਸਨ।