ਅੰਮ੍ਰਿਤਸਰ: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਹਿਕਾਰਤਾ ਲਹਿਰ ਸਾਰੇ ਵਰਗਾਂ ਲਈ ਲਾਹੇਵੰਦ ਹੈ, ਜਿਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਕਿਸਾਨਾਂ ਨੂੰ ਸਹਿਕਾਰੀ ਬੈਂਕਾਂ ਤੋਂ ਘੱਟ ਵਿਆਜ਼ ’ਤੇ ਕਰਜ਼ੇ ਮਿਲ ਸਕਣ। ਉਨ੍ਹਾਂ ਬੱਚਤ ਭਵਨ ਵਿੱਚ ਸਹਿਕਾਰੀ ਬੈਂਕ ਦੇ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ’ਤੇ ਨਿਯੁਕਤੀ ਪੱਤਰ ਵੰਡੇ। ਧਾਲੀਵਾਲ ਨੇ ਕਿਹਾ ਕਿ ਸਹਿਕਾਰੀ ਬੈਂਕ ਇਸ ਸਾਲ ਆਪਣਾ 100ਵਾਂ ਸਾਲ ਮਨਾ ਰਹੀ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਬੈਂਕ ਹਰ ਵਰਗ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਲਈ ਘੱਟ ਵਿਆਜ਼ ’ਤੇ ਕਰਜ਼ ਸਕੀਮਾਂ ਲਈ ਹੋਰ ਉਪਰਾਲੇ ਕਰੇ। ਇਸ ਮੌਕੇ ਬੈਂਕ ਦੀ ਐਂਪਲਾਈਜ਼ ਯੂਨੀਅਨ ਨੇ ਬੈਂਕ ਦੇ ਮੁਲਾਜ਼ਮਾਂ ਨੂੰ ਛੇਵਾਂ ਪੇਅ ਕਮਿਸ਼ਨ ਲਾਗੂ ਕਰਨ ਲਈ ਮੰਗ ਪੱਤਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਬੈਂਕ ਮੁਲਾਜ਼ਮਾਂ ਲਈ ਜਲਦੀ ਹੀ ਛੇਵਾਂ ਪੇਅ ਕਮਿਸ਼ਨ ਲਾਗੂ ਕਰ ਦਿੱਤਾ ਜਾਵੇਗਾ। -ਪੱਤਰ ਪ੍ਰੇਰਕ