ਪੱਤਰ ਪ੍ਰੇਰਕ
ਅੰਮ੍ਰਿਤਸਰ, 17 ਨਵੰਬਰ
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਪੰਜਾਬ ਖੇਤਰ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਸੰਪਰਕ ਨੂੰ ਵਧਾਉਣ ਦੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਅੰਮ੍ਰਿਤਸਰ ਵਿਕਾਸ ਮੰਚ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਵਫ਼ਦ ਨੇ ਸਰਪ੍ਰਸਤ ਕੁਲਵੰਤ ਸਿੰਘ ਅਣਖੀ, ਸਰਪ੍ਰਸਤ ਮਨਮੋਹਨ ਸਿੰਘ, ਸਕੱਤਰ ਯੋਗੇਸ਼ ਕਾਮਰਾ ਅਤੇ ਰਵਰੀਤ ਸਿੰਘ ਸਣੇ ਭਾਰਤ ਦੀ ਘੱਟ ਕਿਰਾਏ ਵਾਲੀ ਏਅਰਲਾਈਨ ‘ਗੋ ਫਸਟ’ ਦੇ ਉੱਚ ਅਧਿਕਾਰੀਆਂ ਨਾਲ ਅੰਮ੍ਰਿਤਸਰ ਹਵਾਈ ਅੱਡੇ ਵਿਖੇ ਮੁਲਾਕਾਤ ਕੀਤੀ। ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਦੱਸਿਆ ਕਿ ਬੀਤੇ ਦਿਨ ‘ਗੋ ਫਸਟ’ ਦੀਆਂ ਛੇ ਨਵੀਆਂ ਉਡਾਣਾਂ ਸ਼ੁਰੂ ਹੋਣ ਉਪਰੰਤ ਮੰਚ ਦੇ ਵਫ਼ਦ ਨੇ ਅੰਮ੍ਰਿਤਸਰ ਤੋਂ ਉਡਾਣਾਂ ਨੂੰ ਸ਼ੁਰੂ ਕਰਨ ਦੀ ਮੰਗ ਪੂਰੀ ਕਰਨ ਲਈ ਗੋ ਫਸਟ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ‘ਗੋ ਫਸਟ’ ਨੇ ਦਿੱਲੀ ਲਈ ਤਿੰਨ, ਮੁੰਬਈ ਲਈ ਦੋ ਅਤੇ ਸ੍ਰੀਨਗਰ ਲਈ ਰੋਜ਼ਾਨਾ ਇਕ ਉਡਾਣ ਸ਼ੁਰੂ ਕੀਤੀਆਂ ਹਨ। ‘ਗੋ ਫਸਟ’ ਦੇ ਕਾਰਪੋਰੇਟ ਮਾਮਲਿਆਂ ਦੇ ਮੁਖੀ ਮੋਹਿਤ ਦਿਵੇਦੀ ਡਿਪਟੀ ਜਨਰਲ ਮੈਨੇਜਰ ਸੁਮੀਤ ਭੰਡਾਰੀ ਅਤੇ ਅੰਮ੍ਰਿਤਸਰ ਹਵਾਈ ਅੱਡੇ ਤੇ ਸਟੇਸ਼ਨ ਮੈਨੇਜਰ ਅਮਨ ਕੋਹਲੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਹੋਰ ਉਡਾਣਾਂ ਸ਼ੁਰੂ ਕਰਨ ਲਈ ਅੰਕੜਿਆਂ ਦਾ ਮੁਲਾਂਕਣ ਕਰਨਗੇ ਅਤੇ ਆਸ ਕਰਦੇ ਹਾਂ ਕਿ ਭਵਿੱਖ ਵਿਚ ਆਪਣੀ ਟੀਮ ਨਾਲ ਇਸ ਬਾਰੇ ਵਿਚਾਰ ਕਰਕੇ ਕੋਈ ਫੈਸਲਾ ਕਰਾਂਗੇ। ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਹਵਾਈ ਅੱਡੇ ਤੋਂ ‘ਗੋ ਫਸਟ’ ਦੀਆਂ ਉਡਾਣਾਂ ਦਾ ਸ਼ੁਰੂ ਹੋਣਾ ਅੰਮ੍ਰਿਤਸਰ ਵਿਕਾਸ ਰੰਚ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਲਈ ਇੱਕ ਹੋਰ ਪ੍ਰਾਪਤੀ ਹੈ।