ਰਾਜਨ ਮਾਨ
ਮਜੀਠਾ, 24 ਮਈ
ਕਿਸਾਨਾਂ ਤੇ ਗੁੱਜਰਾਂ ਦਰਮਿਆਨ ਝਗੜੇ ’ਚ ਕਿਸਾਨਾਂ ਨੂੰ ਪਰਚੇ ’ਚੋਂ ਬਾਹਰ ਕਰਨ ਦੀ ਮੰਗ ਲਈ ਥਾਣਾ ਮਜੀਠਾ ਦੇ ਬਾਹਰ ਧਰਨੇ ‘ਤੇ ਬੈਠੇ ਕਿਸਾਨਾਂ ਨੇ ਕੋਈ ਸੁਣਵਾਈ ਨਾ ਹੁੰਦਿਆਂ ਵੇਖ ਹੁਣ ਡੀਐੱਸਪੀ ਮਜੀਠਾ ਦੇ ਦਫਤਰ ਦੇ ਬਾਹਰ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਬਿਜਲੀ ਦੀਆਂ ਮੰਗਾਂ ਨੂੰ ਲੈ ਕੇ ਬਿਜਲੀ ਘਰ ਵਿੱਚ ਵੀ 30 ਮਈ ਤੋਂ ਧਰਨਾ ਲਾਉਣ ਦਾ ਫੈਸਲਾ ਲਿਆ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਸੱਤ ਦਿਨਾਂ ਤੋਂ ਕਹਿਰ ਦੀ ਗਰਮੀ ਵਿੱਚ ਥਾਣੇ ਵਿੱਚ ਇਨਸਾਫ ਲਈ ਧਰਨਾ ਲਾਈ ਬੈਠੇ ਕਿਸਾਨਾਂ ਦੇ ਸਬਰ ਦਾ ਪਿਆਲਾ ਭਰਦਾ ਜਾ ਰਿਹਾ ਹੈ ਅਤੇ ਹੁਣ ਕਿਸਾਨਾਂ ਨੇ ਆਰ ਜਾਂ ਪਾਰ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਕਿਸਾਨਾਂ ਵਲੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਮੁਰਦਾਬਾਦ ਦੇ ਨਾਅਰੇ ਲਾਏ ਗਏ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਸੱਤ ਦਿਨ ਤੋਂ ਥਾਣੇ ਵਿੱਚ ਧਰਨਾ ਦੇ ਰਹੇ ਹਨ ਪਰ ਪੁਲੀਸ ਕੋਈ ਸੁਣਵਾਈ ਨਹੀਂ ਕਰ ਰਹੀ ਅਤੇ ਹੁਣ ਜਥੇਬੰਦੀ ਨੇ ਲੜਾਈ ਨੂੰ ਹੋਰ ਤੇਜ਼ ਕਰਦਿਆਂ ਡੀਐੱਸਪੀ ਮਜੀਠਾ ਦੇ ਦਫਤਰ ਸਾਹਮਣੇ ਪੱਕਾ ਮੋਰਚਾ ਲਾਉਣ ਦਾ ਫੈਸਲਾ ਕੀਤਾ ਹੈ,ਜੇਕਰ ਫਿਰ ਵੀ ਸਰਕਾਰ ਤੇ ਪ੍ਰਸ਼ਾਸਨ ਦੀ ਨੀਂਦ ਨਾਂ ਖੁੱਲ੍ਹੀ ਤੇ ਆਉਣ ਵਾਲੇ ਦਿਨਾਂ ਵਿਚ ਇਹ ਮੋਰਚਾ ਵੱਡਾ ਤੇ ਵਿਆਪਕ ਰੂਪ ਧਾਰਨ ਕਰੇਗਾ। ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਇਸ ਤੋਂ ਇਲਾਵਾ 30 ਮਈ ਨੂੰ ਬਿਜਲੀ ਸਬੰਧੀ ਮੰਗਾਂ ਜਿਵੇਂ ਸੜੇ ਟ੍ਰਾਂਸਫਾਰਮਰ ਬਦਲੀ,ਢਿੱਲੀਆ ਤਾਰਾਂ,ਓਵਰ ਲੋਡ ਗਰਿੱਡ, ਓਵਰ ਲੋਡ ਫੀਡਰ, ਸੜੇ ਹੋਏ ਸਵਿੱਚ, ਬਿਨਾਂ ਸ਼ਰਤ 300 ਯੂਨਿਟ ਮੁਆਫ਼ੀ , ਰੱਸਾ ਚੈਨ ਕੁੱਪੀ, ਗੱਡੀ ਮੰਗਾਂ ਨੂੰ ਲੈ ਕੇ ਬਿਜਲੀ ਘਰ ਮਜੀਠਾ ਵਿਚ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
ਜਥੇਬੰਦੀ ਵੱਲੋਂ ਦੋਵਾਂ ਘੋਲਾਂ ਨੂੰ ਨਿਰੰਤਰ ਚਲਾਉਂਣ ਲਈ ਅੱਜ ਜ਼ਿਲ੍ਹਾ ਕੋਰ ਕਮੇਟੀ ਦੀ ਮੀਟਿੰਗ ਵਿੱਚ ਸਾਰੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ਇਸ ਮੌਕੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ, ਲਖਵਿੰਦਰ ਸਿੰਘ ਵਰਿਆਮ ਨੰਗਲ, ਜ਼ਿਲ੍ਹਾ ਸਕੱਤਰ ਜਰਮਨਜੀਤ ਸਿੰਘ ਬੰਡਾਲਾ, ਸਕੱਤਰ ਸਕੱਤਰ ਸਿੰਘ ਕੋਟਲਾ, ਬਾਜ਼ ਸਿੰਘ ਸਾਰੰਗੜਾ, ਲਖਵਿੰਦਰ ਸਿੰਘ ਡਾਲਾਂ, ਸੁਖਦੇਵ ਸਿੰਘ ਚਾਟੀਵਿੰਡ, ਕੰਵਲਦੀਪ ਸਿੰਘ ਸੈਦੋਲੇਹਲ, ਅਮਰਦੀਪ ਸਿੰਘ ਬਾਗ਼ੀ ਕੁਲਜੀਤ ਸਿੰਘ ਰਾਮਤੀਰਥ, ਕੁਲਬੀਰ ਸਿੰਘ ਲੋਪੋਕੇ, ਗੁਰਲਾਲ ਸਿੰਘ ਲੋਪੋਕੇ, ਕੰਧਾਰ ਸਿੰਘ ਭੋਏਵਾਲ,ਸਵਰਣ ਸਿੰਘ ਉਦੋਕੇ, ਸੰਤੋਖ ਸਿੰਘ ਬੁਤਾਲਾ, ਬਲਦੇਵ ਸਿੰਘ ਬੱਗਾ,ਗੁਰਲਾਲ ਸਿੰਘ ਮਾਨ ਹਾਜ਼ਰ ਸਨ।