ਜਸਬੀਰ ਸੱਗੂ
ਅੰਮ੍ਰਿਤਸਰ, 29 ਦਸੰਬਰ
ਨਗਰ ਨਿਗਮ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਨੇ ਨਾਈਆਂ ਵਾਲਾ ਮੋੜ ਸਾਹਮਣੇ ਨਾਰੰਗ ਹਸਪਤਾਲ ਨਵਾਂ ਕੋਟ ਵਿਖੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰ ਕੇ ਬਣਾਈ ਜਾ ਰਹੀ ਦੁਕਾਨ ਨੂੰ ਹਟਾ ਦਿੱਤਾ ਹੈ, ਜਦਕਿ ਨਾਜਾਇਜ਼ ਕਬਜ਼ਾ ਕਰਨ ਵਾਲਾ ਵਿਅਕਤੀ ਹਾਲ ਦੀ ਘੜੀ ਫਰਾਰ ਹੈ। ਇਸ ਤੋਂ ਇਲਾਵਾ ਵਿਭਾਗ ਨੇ ਰੇਲਵੇ ਲਿੰਕ ਰੋਡ, ਰਿਆਲਟੋ ਚੌਕ, ਨੇੜੇ ਦੁਰਗਿਆਣਾ ਮੰਦਿਰ, ਹਾਲ ਬਜ਼ਾਰ ਆਦਿ ਇਲਾਕਿਆਂ ਵਿੱਚ ਜਿਹੜੇ ਦੁਕਾਨਾਦਾਰਾਂ ਵੱਲੋਂ ਸਾਮਾਨ ਦੁਕਾਨਾਂ ਦੇ ਬਾਹਰ, ਬਰਾਂਡਿਆਂ, ਫੁੱਟਪਾਥ ਅਤੇ ਸੜਕ ਉਪਰ ਰੱਖ ਕੇ ਆਰਜ਼ੀ ਕਬਜ਼ੇ ਕੀਤੇ ਹੋਏ ਸਨ, ਦੇ ਵਿਰੁੱਧ ਵੀ ਕਾਰਵਾਈ ਕੀਤੀ ਹੈ। ਅਸਟੇਟ ਅਫਸਰ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਸਰਕਾਰੀ ਜ਼ਮੀਨਾਂ ਜਾਂ ਸੜਕ ’ਤੇ ਸਾਮਾਨ ਰੱਖ ਕੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ। ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਹੈ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਬਜ਼ਾਧਾਰਕਾਂ ਖ਼ਿਲਾਫ਼ ਸਖਤੀ ਵਰਤੀ ਜਾਵੇਗੀ। ਇਸ ਮੌਕੇ ਰਾਜ ਕੁਮਾਰ, ਅਰੁਣ ਸਹਿਜਪਾਲ, ਵਿਭਾਗੀ ਅਮਲਾ ਅਤੇ ਪੁਲੀਸ ਮੁਲਾਜ਼ਮ ਸ਼ਾਮਲ ਸਨ।
ਨਾਜਾਇਜ਼ ਪੁਲੀ ਦਾ ਕੰਮ ਰੁਕਵਾਇਆ
ਮੁਕੇਰੀਆਂ (ਪੱਤਰ ਪ੍ਰੇਰਕ): ਇੱਥੇ ਸ਼ਾਹ ਨਹਿਰ ਮੁਕੇਰੀਆਂ ਦੇ ਅਧਿਕਾਰੀਆਂ ਨੇ ਨਾਲਾ ਸਿੰਘ ਰਜਬਾਹੇ ’ਤੇ ਬਿਨਾਂ ਇਜਾਜ਼ਤ ਬਣਾਈ ਜਾ ਰਹੀ ਨਾਜਾਇਜ਼ ਪੁਲੀ ਸਥਾਨਕ ਪੁਲੀਸ ਦੀ ਮਦਦ ਨਾਲ ਢਾਹ ਦਿੱਤੀ। ਨਹਿਰ ਦੇ ਐੱਸਡੀਓ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਹੇਠਲੇ ਮੁਲਾਜ਼ਮਾਂ ਨੇ ਸੂਚਨਾ ਦਿੱਤੀ ਸੀ ਕਿ ਤਰਸੇਮ ਸਿੰਘ ਤੇ ਕੇਹਰ ਸਿੰਘ ਵਾਸੀ ਪਿੰਡ ਗੁਜ਼ਰ ਕਤਰਾਲਾ ਨੇ ਆਪਣੇ ਪਿੰਡ ਪੋਤਾ ਵਿਚਲੇ ਰਕਬੇ ਦੇ ਸਾਹਮਣੇ ਨਹਿਰੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰ ਕੇ ਬਿਨਾਂ ਇਜਾਜ਼ਤ ਪੁਲੀ ਪਾਉਣੀ ਸ਼ੁਰੂ ਕੀਤੀ ਹੈ, ਜਿਸ ’ਤੇ ਉਨ੍ਹਾਂ ਵੱਲੋਂ ਅੱਜ ਕਾਰਵਾਈ ਕੀਤੀ ਗਈ।