ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 2 ਜੁਲਾਈ
ਇਥੇ ਸਥਿਤ ਫਿਊਜ਼ਨ ਮਾਈਕਰੋ ਫਾਇਨਾਂਸ ਕੰਪਨੀ ਵਿੱਚੋਂ ਬੀਤੀ ਦੇਰ ਰਾਤ ਹਥਿਆਰਬੰਦ ਲੁਟੇਰਿਆਂ ਨੇ ਲੱਖਾਂ ਰੁਪਏ ਦੀ ਲੁੱਟ ਕੀਤੀ। ਅਭੀ ਗੰਗੋਤਰੀ ਵਾਸੀ ਨਰੋਟ ਮੇਹਰ ਜ਼ਿਲ੍ਹਾ ਪਠਾਨਕੋਟ ਨੇ ਦੱਸਿਆ ਉਹ ਫਿਊਜ਼ਨ ਮਾਈਕਰੋ ਫਾਇਨਾਂਸ ਕੰਪਨੀ ਜੰਡਿਆਲਾ ਗੁਰੂ ਵਿੱਚ ਅਸਿਸਟੈਂਟ ਬ੍ਰਾਂਚ ਮੈਨੇਜਰ ਹੈ ਤੇ ਰਾਤ ਕਰੀਬ 11.30 ਵਜੇ ਉਹ ਤੇ ਉਸ ਦਾ ਸਾਥੀ ਦਫ਼ਤਰ ਵਿੱਚ ਸਨ ਅਤੇ ਹੋਰ ਕਰਮਚਾਰੀ ਸੁੱਤੇ ਹੋਏ ਸਨ। ਦਫਤਰ ਦੀ ਕੰਧ ਟੱਪ ਕੇ ਤਿੰਨ ਵਿਅਕਤੀ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ ਅਤੇ ਉਨ੍ਹਾਂ ਤਿੰਨਾਂ ਕੋਲ ਪਿਸਤੌਲ ਸਨ, ਦਫ਼ਤਰ ਅੰਦਰ ਦਾਖਲ ਹੋਏ। ਇਨ੍ਹਾਂ ਵਿਚੋਂ ਇਕ ਮੇਨ ਗੇਟ ਕੋਲ ਰਿਹਾ ਅਤੇ ਦੋ ਵਿਅਕਤੀ ਦਫ਼ਤਰ ਦੇ ਅੰਦਰ ਦਾਖਲ ਹੋਏ, ਜਿਥੇ ਉਹ ਅਤੇ ਉਸ ਦਾ ਸਾਥੀ ਨਗਦੀ ਗਿਣ ਰਹੇ ਸਨ। ਮੈਨੇਜਰ ਨੇ ਦੱਸਿਆ ਇਨ੍ਹਾਂ ਹਥਿਆਰਬੰਦ ਲੁਟੇਰਿਆਂ ਨੇ ਉਨ੍ਹਾਂ ਕੋਲੋਂ 557842 ਰੁਪਏ ਅਤੇ ਕੰਪਨੀ ਦੇ ਤਿੰਨ ਮੋਬਾਈਲ ਫੋਨ ਖੋਹ ਲਏ ਤੇ ਫ਼ਰਾਰ ਹੋ ਗਏ। ਲੁਟੇਰੇ ਜਾਂਦੇ ਹੋਏ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਨਾਲ ਲੈ ਗਏ। ਜੰਡਿਆਲਾ ਗੁਰੂ ਪੁਲੀਸ ਵੱਲੋਂ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।