ਪੱਤਰ ਪ੍ਰੇਰਕ
ਅੰਮ੍ਰਿਤਸਰ, 30 ਅਕਤੂਬਰ
ਜਨਵਾਦੀ ਲੇਖਕ ਸੰਘ ਅਤੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵੱਲੋਂ ‘ਭਾਸ਼ਾ, ਸਾਹਿਤ ਅਤੇ ਸਮਾਜ ਦੀ ਬਿਹਤਰੀ ਵਿਚ ਸਾਹਿਤਕ ਪੱਤਰਕਾਰੀ ਦਾ ਯੋਗਦਾਨ’ ਵਿਸ਼ੇ ’ਤੇ ਵਿਚਾਰ ਚਰਚਾ ਕਰਵਾਈ ਗਈ ਅਤੇ ਪੰਜਾਬੀ ਦੇ ਬਹੁ-ਮਿਆਰੀ ਸਾਹਿਤਕ ਰਸਾਲੇ ‘ਹੁਣ’ ਦਾ 45ਵਾਂ ਅੰਕ ਲੋਕ ਅਰਪਿਤ ਕੀਤਾ ਗਿਆ। ਪ੍ਰਿੰਸੀਪਲ ਅੰਕਿਤਾ ਸਹਿਦੇਵ ਨੇ ਸਵਾਗਤੀ ਸ਼ਬਦਾਂ ਨਾਲ ਅਦਬੀ ਸਮਾਗਮ ਦਾ ਆਗਾਜ਼ ਕੀਤਾ। ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਨੇ ਦੱਸਿਆ ਕਿ ਉਨ੍ਹਾਂ ਵਲੋਂ ਡਾ. ਗੁਰਦਿਆਲ ਸਿੰਘ ਫੁੱਲ, ਜਸਵੰਤ ਸਿੰਘ ਕੰਵਲ, ਪ੍ਰੋ. ਅਜਮੇਰ ਔਲਖ, ਬਾਬਾ ਨਜ਼ਮੀ, ਸੁਰਜੀਤ ਪਾਤਰ ਅਤੇ ਗੁਰਭਜਨ ਗਿੱਲ ਆਦਿ ਸਥਾਪਤ ਸਾਹਿਤਕਾਰਾਂ ਦੀਆਂ ਅਦਬੀ ਮੁਲਾਕਾਤਾਂ ਦੇ ਲੜੀਵਾਰ ਸਿਲਸਿਲੇ ਰਾਹੀਂ ਪਾਠਕਾਂ ਨੂੰ ਇਨ੍ਹਾਂ ਸਾਹਿਤਕਾਰਾਂ ਦੀ ਜੀਵਨ ਸ਼ੈਲੀ ਅਤੇ ਲਿਖਣ ਸ਼ੈਲੀ ਨੂੰ ਹੋਰ ਨੇੜਿਉਂ ਸਮਝਣ ਦਾ ਸਬੱਬ ਪੈਦਾ ਕੀਤਾ ਹੈ।
ਬਾਬਾ ਗੁਰਦਿੱਤਾ ਦੀ ਜੀਵਨੀ ਬਾਰੇ ਪੁਸਤਕ ਰਿਲੀਜ਼
ਅੰਮ੍ਰਿਤਸਰ (ਪੱਤਰ ਪ੍ਰੇਰਕ): ਅਮਰੀਕਾ ’ਚ ਵਸਦੇ ਅੰਮ੍ਰਿਤਸਰ ਵਾਸੀ ਤੇ ਸਮਾਜ ਸੇਵਕ ਚਰਨਜੀਤ ਸਿੰਘ ਗੁਮਟਾਲਾ ਨੇ ਦੱਸਿਆ ਕਿ ਓਹੀਓ ਸੂਬੇ ਦੇ ਪ੍ਰਸਿੱਧ ਸ਼ਹਿਰ ਡੇਟਨ ਦੀ ਸਿੱਖ ਸੁਸਾਇਟੀ ਆਫ਼ ਡੇਟਨ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰਦੁਆਰੇ ਦੇ ਮੁੱਖ ਗ੍ਰੰਥੀ ਭਾਈ ਹੇਮ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ। ਉਨ੍ਹਾਂ ਦੱਸਿਆ ਕਿ ਬਾਬਾ ਗੁਰਦਿੱਤਾ ਜੀ ਦੀ ਜੀਵਨੀ ਬਾਰੇ ਕੁਲਦੀਪ ਸਿੰਘ ਕਾਮਿਲ ਤੇ ਡਾ. ਚਰਨਜੀਤ ਸਿੰਘ ਗੁਮਟਾਲਾ ਦੀ ਲਿਖੀ ਪੁਸਤਕ ‘ਬਾਬਾ ਗੁਰਦਿੱਤਾ ਜੀ’ ਰਿਲੀਜ਼ ਕੀਤੀ ਗਈ, ਜੋ ਕਿ ਪੰਜਾਬੀ ਵਿਰਸਾ ਟਰੱਸਟ ਫਗਵਾੜਾ (ਕਪੂਰਥਲਾ) ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਬਲਬੀਰ ਸਿੰਘ ਬੇਲੀ ਦੀ ਕਾਵਿ ਪੁਸਤਕ ਲੋਕ ਅਰਪਣ
ਤਰਨ ਤਾਰਨ (ਪੱਤਰ ਪ੍ਰੇਰਕ): ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਵੱਲੋਂ ਭਾਈ ਮੋਹਨ ਸਿੰਘ ਵੈਦ ਯਾਦਗਾਰੀ ਲਾਇਬ੍ਰੇਰੀ ਵਿੱਚ ਕੇਂਦਰ ਦੇ ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ ਬੇਲੀ ਦੀ ਕਵੀਸ਼ਰੀ ਦੀ ਕਿਤਾਬ ‘ਖ਼ੂਨ ਨਾਲ ਭਿੱਜੇ ਸਿੱਖ ਇਤਿਹਾਸ ਦੇ ਪੰਨੇ’ ਲੋਕ ਅਰਪਣ ਕੀਤੀ ਗਈ| ਇਸ ਸਬੰਧੀ ਅੱਜ ਇਥੇ ਸਾਹਿਤਕਾਰ ਮਨਮੋਹਨ ਸਿੰਘ ਬਾਸਰਕੇ, ਜਸਵਿੰਦਰ ਸਿੰਘ ਢਿੱਲੋਂ, ਕੀਰਤ ਪ੍ਰਤਾਪ ਸਿੰਘ ਪੰਨੂੰ, ਬਲਬੀਰ ਸਿੰਘ ਭੈਲ, ਸਲਿੰਦਰਜੀਤ ਸਿੰਘ ਰਾਜਨ, ਮੱਖਣ ਭੈਣੀ ਵਾਲਾ ਅਤੇ ਹਰਭਜਨ ਸਿੰਘ ਭੱਗਰੱਥ ਦੀ ਪ੍ਰਧਾਨਗੀ ਹੇਠ ਅੱਜ ਇਥੇ ਸਾਹਿਤ ਪ੍ਰੇਮੀਆਂ ਦੀ ਇਕੱਤਰਤਾ ਕੀਤੀ ਗਈ| ਲੋਹਕਾ ਸਾਬਕਾ ਕੌਂਸਲਰ ਸਮੇਤ ਹੋਰਨਾਂ ਨੇ ਲੋਕ ਅਰਪਿਤ ਕੀਤੀ ਕਿਤਾਬ ਬਾਰੇ ਅਦੰਰ ਦਰਜ ਇਤਿਹਾਸਕ ਜਾਣਕਾਰੀ ਦੀ ਭਰਪੂਰ ਸ਼ਲਾਘਾ ਕੀਤੀ|