ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 19 ਸਤੰਬਰ
ਕਸਟਮ ਵਿਭਾਗ ਵੱਲੋਂ ਖੋਜੀ ਕੁੱਤਿਆਂ (ਸਨਿਫਰ ਡੌਗ) ਨੂੰ ਸਿਖਲਾਈ ਦੇਣ ਦੇ ਸਥਾਪਤ ਕੀਤੇ ਕੇਂਦਰ ਵਿਚ ਦਸ ਕੁੱਤਿਆਂ ਨੂੰ ਸਿਖਲਾਈ ਦਿੱਤੀ ਗਈ। ਪਹਿਲੇ ਦਸਤੇ ਨੂੰ ਸਿਖਲਾਈ ਮਗਰੋਂ ਇਕ ਸਮਾਗਮ ਕਰਵਾਇਆ ਗਿਆ। ਇਸ ਕੇਂਦਰ ਵਿਚ ਕੁੱਤਿਆਂ ਨੂੰ ਸਿਖਲਾਈ ਦੇ ਕੇ ਹਵਾਈ ਅੱਡਿਆਂ, ਸਰਹੱਦਾਂ ਤੇ ਹੋਰ ਥਾਵਾਂ ’ਤੇ ਤਾਇਨਾਤ ਕੀਤਾ ਜਾਵੇਗਾ, ਜਿਥੇ ਉਹ ਨਸ਼ੀਲੇ ਤੇ ਵਿਸਫੋਟਕ ਪਦਾਰਥ, ਜੰਗਲੀ ਜੀਵ ਤੇ ਜਾਅਲੀ ਕਰੰਸੀ ਨੂੰ ਸੁੰਘ ਕੇ ਉਨ੍ਹਾਂ ਨੂੰ ਬਰਾਮਦ ਕਰਵਾਉਣ ’ਚ ਮਦਦ ਕਰਨਗੇ। ਇਨ੍ਹਾਂ ਦੀ ਸਿਖਲਾਈ ਮੁਕੰਮਲ ਹੋਣ ਮਗਰੋਂ ਬੀਤੇ ਦਿਨ ਸਮਾਗਮ ਕੀਤਾ ਗਿਆ ਸੀ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕਸਟਮ ਦੀ ਜ਼ੋਨਲ ਮੈਂਬਰ ਸੰਗੀਤਾ ਸ਼ਰਮਾ ਤੇ ਕਸਟਮ ਦੀ ਚੀਫ ਕਮਿਸ਼ਨਰ (ਪ੍ਰੀਵੈਂਟਿਵ) ਰੰਜਨਾ ਝਾਅ ਨੇ ਆਨਲਾਈਨ ਸ਼ਮੂਲੀਅਤ ਕੀਤੀ। ਕਸਟਮ ਵਿਭਾਗ ਦੇ ਕਮਿਸ਼ਨਰ ਏਐੱਸ ਰੰਗਾ ਨੇ ਸਿਖਲਾਈ ਪ੍ਰਾਪਤ ਕੁੱਤਿਆਂ ਦੀ ਸਾਂਭ ਸੰਭਾਲ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ।