ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਜੂਨ
ਸਿਹਤਮੰਦ ਜੀਵਨ ਲਈ ਯੋਗ ਅਭਿਆਸ ਨੂੰ ਪ੍ਰੋਤਸਾਹਿਤ ਕਰਨ ਦੇ ਟੀਚੇ ਨਾਲ ਅੱਜ ਜੱਲਿ੍ਹਆਂਵਾਲਾ ਬਾਗ਼, ਕਿਲਾ ਗੋਬਿੰਦਗੜ੍ਹ ਵਿਚ, ਜੁਡੀਸ਼ੀਅਲ ਕੋਰਟ ਕੰਪਲੈਕਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਹੋਰ ਕਈ ਥਾਵਾਂ ’ਤੇ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਜੱਲਿਆਂਵਾਲਾ ਬਾਗ਼ ਵਿੱਚ ਮਨਾਏ 8ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਮੁੱਖ ਪ੍ਰਸਾਸ਼ਕ ਪੁੱਡਾ ਲਵਜੀਤ ਕੌਰ ਕਲਸੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਾਲ ਐਕਸੀਅਨ ਗੁਰਪ੍ਰੀਤ ਸਿੰਘ, ਡਾ. ਰਣਬੀਰ ਸਿੰਘ ਕੰਗ, ਤੇਜਿੰਦਰ ਰਾਜਾ, ਨਹਿਰੂ ਯੁਵਾ ਕੇਂਦਰ ਦੀ ਕੁਆਰਡੀਨੇਟਰ ਅਕਾਂਸ਼ਾ ਨੇ ਹਿੱਸਾ ਲਿਆ। ਇਸ ਮੌਕੇ ਅਧਿਕਾਰੀਆਂ ਤੇ ਸਕੂਲੀ ਬੱਚਿਆਂ ਨੇ ਭਾਗ ਲਿਆ ਅਤੇ ਯੋਗ ਦੇ ਆਸਨ ਕੀਤੇ।
ਕਿਲਾ ਗੋਬਿੰਦਗੜ੍ਹ ਵਿੱਚ ਕਮਾਂਡੈਂਟ ਸੀਆਰਪੀਐਫ ਆਰਕੇ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਾਂਡੈਂਟ ਯੋਗੇਸ਼ ਯਾਦਵ, ਸੀਨੀਅਰ ਮੈਡੀਕਲ ਅਫ਼ਸਰ ਦਿਨੇਸ਼ ਕੁਮਾਰ, ਸੁਪਰਵਾਈਜ਼ਰ ਕਿਲਾ ਗੋਬਿੰਦਗੜ੍ਹ ਹਾਜ਼ਰ ਸਨ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੁਆਰਾ ਕੌਮਾਂਤਰੀ ਯੋਗ ਦਿਵਸ ਮੌਕੇ ਜੁਡੀਸ਼ੀਅਲ ਕੋਰਟ ਕੰਪਲੈਕਸ ਅਤੇ ਏਡੀਆਰ ਸੇਂਟਰ ਵਿੱਚ ਯੋਗ ਅਭਿਆਸ ਕਰ ਕੇ ਯੋਗ ਦਿਵਸ ਮਨਾਇਆ ਗਿਆ।
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਅਰੁਣ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਜੁਡੀਸ਼ੀਅਲ ਕੋਰਟ ਕੰਪਲੈਕਸ ਅਤੇ ਏਡੀਆਰ ਸੈਂਟਰ ਵਿੱਚ ਯੋਗਾ ਕਰਵਾ ਕੇ ਯੋਗ ਦਿਵਸ ਮਨਾਇਆ ਗਿਆ।
ਸਥਾਨਕ ਕੰਪਨੀ ਬਾਗ਼ ਵਿੱਚ ਸਵੇਰੇ ਭਾਰਤੀ ਯੋਗ ਸੰਸਥਾਨ ਦੇ ਮੈਂਬਰ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ। ਕੌਮਾਂਤਰੀ ਯੋਗ ਦਿਵਸ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ। ਸੰਸਥਾਨ ਦੇ ਸਥਾਨਕ ਮੁਖੀ ਵਰਿੰਦਰ ਧਵਨ ਨੇ ਆਸਣ ਕਰਵਾਏ।
ਜਲੰਧਰ (ਪਾਲ ਸਿੰਘ ਨੌਲੀ): ਕੌਮਾਤਰੀ ਯੋਗ ਦਿਵਸ ਅੱਜ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਸੰਸਥਾਵਾਂ ਨੇ ਮਨਾਇਆ। ਇਨ੍ਹਾਂ ਸਮਾਗਮਾਂ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੇ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਅਹਿਦ ਕੀਤਾ। ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਰੁਪਿੰਦਰਜੀਤ ਚਹਿਲ ਦੇ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਕਚਿਹਰੀਆਂ ਜਲੰਧਰ ਵਿੱਚ ਯੋਗ ਦਿਵਸ ਮਨਾਇਆ ਗਿਆ।
ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ, ਜਲੰਧਰ ਵੱਲੋਂ ਅੱਜ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪਿਮਸ) ਵਿੱਚ ਯੋਗ ਦਿਵਸ ਮਨਾਇਆ ਗਿਆ। ਇਸ ਵਿੱਚ ਮੈਡੀਕਲ ਵਿਦਿਆਰਥੀਆਂ ਅਤੇ ਨੌਜਵਾਨ ਡਾਕਟਰਾਂ ਨੇ ਯੋਗ ਆਸਣ ਸਿੱਖੇ ਅਤੇ ਅਭਿਆਸ ਕੀਤਾ। ਇਸ ਸਾਲ ਕੌਮਾਂਤਰੀ ਯੋਗਾ ਦਿਵਸ ਦਾ ਥੀਮ ‘ਮਨੁੱਖਤਾ ਲਈ ਯੋਗ’ ਹੈ।
ਯੋਗਾ ਸੈਸ਼ਨ ਦਾ ਉਦਘਾਟਨ ਡਾਇਰੈਕਟਰ ਪ੍ਰਿੰਸੀਪਲ ਪਿਮਸ ਡਾ. ਰਾਜੀਵ ਅਰੋੜਾ, ਰੈਜ਼ੀਡੈਂਟ ਡਾਇਰੈਕਟਰ ਅਮਿਤ ਸਿੰਘ ਅਤੇ ਫੀਲਡ ਪਬਲੀਸਿਟੀ ਅਫ਼ਸਰ ਰਾਜੇਸ਼ ਬਾਲੀ ਨੇ ਕੀਤਾ। ਇਸ ਸੈਸ਼ਨ ਵਿੱਚ ਨਹਿਰੂ ਯੁਵਾ ਕੇਂਦਰ ਜਲੰਧਰ ਨੇ ਵੀ ਸਹਿਯੋਗ ਦਿੱਤਾ।
ਇਸੇ ਤਰ੍ਹਾਂ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਅੱਜ ਯੋਗਾ ਦਿਵਸ ਦੇ ਮੌਕੇ ਕੀਤੇ ਸਮਾਗਮ ਵਿੱਚ 250 ਤੋਂ ਵੱਧ ਖਿਡਾਰੀਆਂ ਨੇ ਅਭਿਆਸ ਕੀਤਾ।