ਪੱਤਰ ਪ੍ਰੇਰਕ
ਰਈਆ, 27 ਸਤੰਬਰ
ਤਿੰਨ ਖੇਤੀ ਕਾਨੂੰਨ ਰੱਦ ਕਰਨ ਸਬੰਧੀ ਕੇਂਦਰ ਸਰਕਾਰ ਵਿਰੁੱਧ ਦਿੱਤੇ ਭਾਰਤ ਬੰਦ ਦੇ ਸੱਦੇ ਤੇ ਜੀ ਟੀ ਰੋਡ ਰਈਆ ਅਤੇ ਜਲੰਧਰ ਬਟਾਲਾ ਰੋਡ ਤੇ ਕਿਸਾਨਾਂ ਨੇ ਆਵਾਜਾਈ ਰੋਕੀ ਅਤੇ ਸਥਾਨਕ ਕਸਬੇ ਤੋ ਇਲਾਵਾ ਬਾਬਾ ਬਕਾਲਾ, ਬਿਆਸ, ਬਾਬਾ ਬਕਾਲਾ, ਸਠਿਆਲਾ, ਬੁਤਾਲਾ, ਮਹਿਤਾ ਖਿਲਚੀਆ ਅਤੇ ਟਾਂਗਰਾ ਕਸਬਿਆਂ ਦੇ ਬਾਜ਼ਾਰ ਮੁਕੰਮਲ ਬੰਦ ਰਹੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਲੋ ਅੱਜ ਕਸਬਾ ਰਈਆ ਵਿਚ ਜੀ ਟੀ ਰੋਡ ਬੰਦ ਕਰਕੇ ਕੇਂਦਰ ਸਰਕਾਰ ਵਿਰੁੱਧ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਭਾਰੀ ਰੋਸ ਪ੍ਰਗਟਾਵਾ ਕੀਤਾ ਅਤੇ ਹਰੇਕ ਬੁਲਾਰੇ ਵਲੋ ਕੇਂਦਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਸਖ਼ਤ ਨੁਕਤਾਚੀਨੀ ਕੀਤੀ ਗਈ। ਇਸ ਮੌਕੇ ਕਾਮਰੇਡ ਗੁਰਨਾਮ ਸਿੰਘ ਦਾਊਦ, ਮੁਲਾਜ਼ਮ ਆਗੂ ਜਰਮਨਜੀਤ ਸਿੰਘ ਛੱਜਲਵੱਡੀ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਦਲਬੀਰ ਸਿੰਘ ਬੇਦਾਦ ਪੁਰ, ਆਮ ਆਦਮੀ ਪਾਰਟੀ ਦੇ ਦਲਬੀਰ ਸਿੰਘ ਟੌਂਗ, ਬੀਬੀ ਗੁਰਨਾਮ ਕੌਰ ਚੀਮਾ, ਕਰਿਆਨਾ ਯੂਨੀਅਨ ਦੇ ਪ੍ਰਧਾਨ ਹਰਜੀਪ੍ਰੀਤ ਸਿੰਘ ਕੰਗ, ਆਂਗਣਵਾੜੀ ਯੂਨੀਅਨ ਦੀ ਪਰਮਜੀਤ ਕੌਰ ਮਾਨ, ਮਿਡ ਡੇ ਮੀਲ ਦੀ ਮਮਤਾ ਸ਼ਰਮਾ, ਸੋਨੂੰ ਬੁਟਾਰੀ ਸਮੇਤ ਵੱਡੀ ਗਿਣਤੀ ਬੁਲਾਰਿਆਂ ਵਲੋ ਸੰਬੋਧਨ ਕੀਤਾ ਗਿਆ। ਇਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਨੂ ਨੇ ਜਲੰਧਰ ਬਟਾਲਾ ਰੋਡ ’ਤੇ ਸਰਕਾਰੀ ਕਾਲਜ ਸਠਿਆਲਾ ਦੇ ਸਾਹਮਣੇ ਆਵਾਜਾਈ ਰੋਕ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।