ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਸਤੰਬਰ
ਕੁੱਝ ਦਿਨ ਪਹਿਲਾਂ ਹਵਾਈ ਫੌਜ ਦੇ ਸਾਬਕਾ ਉੱਚ ਅਧਿਕਾਰੀ ਦੇ ਘਰ ਵਿੱਚ ਹੋਈ ਡਕੈਤੀ ਦੇ ਮਾਮਲੇ ਨੂੰ ਪੁਲੀਸ ਨੇ ਹੱਲ ਕਰ ਲਿਆ ਹੈ ਪਰ ਫਿਲਹਾਲ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ।ਮਿਲੀ ਜਾਣਕਾਰੀ ਮੁਤਾਬਕ ਪੁਲੀਸ ਨੇ ਇਸ ਮਾਮਲੇ ਵਿਚ ਘਰ ਵਿਚ ਕੰਮ ਕਰਦੀ ਔਰਤ ਅਤੇ ਉਸਦੇ ਦੋ ਸਾਥੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੀ ਸ਼ਨਾਖਤ ਰਮਨਜੀਤ ਕੌਰ, ਉਸ ਦਾ ਪਤੀ ਬਿਕਰਮਜੀਤ ਅਤੇ ਇਕ ਹੋਰ ਵਿਅਕਤੀ ਦੀਪਕ ਵਜੋਂ ਹੋਈ ਹੈ। ਇਹ ਸਾਰੇ ਪਿੰਡ ਅਦਲੀਵਾਲ ਦੇ ਵਾਸੀ ਹਨ । ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਵਿਰਕ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਵੱਲੋਂ ਬਾਕੀ ਰਹਿੰਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਲੁੱਟੀ ਗਈ ਨਕਦੀ ਅਤੇ ਜ਼ੇਵਰਾਤ ਫ਼ਰਾਰ ਸ਼ੱਕੀ ਵਿਅਕਤੀਆਂ ਦੇ ਕੋਲ ਹਨ। ਕੁਝ ਦਿਨ ਪਹਿਲਾਂ ਇੱਥੇ ਯਾਸੀਨ ਰੋਡ ਵਿਖੇ ਹਵਾਈ ਫੌਜ ਦੇ ਸਾਬਕਾ ਅਧਿਕਾਰੀ ਇੰਦਰਬੀਰ ਸਿੰਘ ਸਿਡਾਨਾ ਦੇ ਘਰ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਕੀਤੀ ਗਈ ਸੀ। ਲੁਟੇਰਿਆਂ ਨੇ ਸਾਬਕਾ ਫ਼ੌਜੀ ਨੂੰ ਬੰਦੀ ਬਣਾ ਲਿਆ ਸੀ ਅਤੇ ਵਿਆਹ ਲਈ ਤਿਆਰ ਕੀਤੇ ਲੱਖਾ ਰੁਪਏ ਮੁਲ ਦੇ ਜ਼ੇਵਰਾਤ ਅਤੇ ਨਕਦੀ ਲੁੱਟ ਕੇ ਲੈ ਗਏ ਸਨ ।