ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਜੂਨ
ਅਧਿਆਪਕ ਜਥੇਬੰਦੀ ਡੀਟੀਐੱਫ ਨੇ ਆਖਿਆ ਹੈ ਕਿ ਸਿੱਖਿਆ ਵਿਭਾਗ ਵੱਲੋਂ ਡੀਡੀਓ ਪਾਵਰਾਂ ਜਾਰੀ ਨਾ ਹੋਣ ਜਾਣ ਕਾਰਨ ਸੈਂਕੜੇ ਅਧਿਆਪਕ ਤਿੰਨ-ਤਿੰਨ ਮਹੀਨਿਆਂ ਤੋਂ ਤਨਖਾਹਾਂ ਤੋਂ ਸੱਖਣੇ ਹਨ। ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਸੂਬਾਈ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ 7 ਅਪਰੈਲ 2022 ਨੂੰ ਹੋਏ ਅਦਾਲਤੀ ਸਟੇਅ ਕਾਰਨ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ਵਿੱਚ ਡਿਊਟੀ ਨਿਭਾਅ ਰਹੇ ਬਹੁਤ ਸਾਰੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਵੱਲੋਂ ਦੂਹਰਾ ਚਾਰਜ ਛੱਡ ਦਿੱਤਾ ਗਿਆ ਸੀ। ਵਾਧੂ ਸਕੂਲਾਂ ਦਾ ਚਾਰਜ ਛੱਡਣ ਕਾਰਨ ਉਨ੍ਹਾਂ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਨਿਕਲਣ ਵਿੱਚ ਰੁਕਾਵਟ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਅਧਿਕਾਰੀਆਂ ਨੂੰ ਕਈ ਵਾਰ ਮਿਲ ਕੇ ਮਸਲੇ ਦੀ ਗੰਭੀਰਤਾ ਤੋਂ ਜਾਣੂ ਕਰਵਾਉਣ ਦੇ ਬਾਵਜੂਦ, ਢਿੱਲੇ ਰਵੱਈਏ ਤੋਂ ਕੰਮ ਲਿਆ ਗਿਆ, ਜਿਸ ਕਾਰਨ ਹਜ਼ਾਰਾਂ ਅਧਿਆਪਕਾਂ ਨੂੰ ਮਾਰਚ, ਅਪਰੈਲ, ਮਈ ਮਹੀਨਆਂ ਦੀਆਂ ਤਨਖਾਹਾਂ ਨਹੀਂ ਮਿਲੀਆਂ ਅਤੇ ਅਧਿਆਪਕਾਂ ਨੂੰ ਭਾਰੀ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੈਮੋਕਰੈਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਸੂਬਾਈ ਪ੍ਰਧਾਨ ਜਰਮਨਜੀਤ ਸਿੰਘ, ਡੀਟੀਐੱਫ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਖਹਿਰਾ ਅਤੇ ਚਰਨਜੀਤ ਸਿੰਘ ਰਾਜਧਾਨ, ਜ਼ਿਲ੍ਹਾ ਅੰਮ੍ਰਿਤਸਰ ਇਕਾਈ ਦੇ ਆਗੂਆਂ ਗੁਰਦੇਵ ਸਿੰਘ, ਹਰਜਾਪ ਸਿੰਘ ਬੱਲ, ਨਿਰਮਲ ਸਿੰਘ, ਮਨਪ੍ਰੀਤ ਸਿੰਘ ਆਦਿ ਵੱਲੋਂ ਸਿੱਖਿਆ ਮੰਤਰੀ ਨੂੰ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ ਅਤੇ ਸਬੰਧਿਤ ਸਕੂਲਾਂ ਦੀਆਂ ਡੀਡੀਓ ਪਾਵਰਾਂ ਨੇੜਲੇ ਸਕੂਲ ਮੁਖੀਆਂ ਨੂੰ ਜਾਰੀ ਕਰਕੇ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ।