ਅੰਮ੍ਰਿਤਸਰ: ਕੇਸ ਸੰਭਾਲ ਸੰਸਥਾ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ ਲਗਪੱਗ 22 ਦੇਸ਼ਾਂ ਵਿੱਚ ਸੁੰਦਰ ਦਸਤਾਰ ਸਜਾਉਣ ਅਤੇ ਗੁਰਸਿੱਖੀ ਨਾਲ ਜੋੜੇ ਰੱਖਣ ਸੰਬੰਧੀ ਲਿਖਤੀ ਮੁਕਾਬਲੇ ’ਚ ਜੇਤੂ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀਟੀ ਰੋਡ ਵਿਦਿਆਰਥੀਆਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਡਾ. ਧਰਮਵੀਰ ਸਿੰਘ ਨੇ ਦੱਸਿਆ ਕਿ ਦਸਵੀਂ ਜਮਾਤ ਦੀ ਯਸ਼ਪ੍ਰੀਤ ਕੌਰ, ਨੌਵੀਂ ਜਮਾਤ ਦੇ ਹਰਸ਼ਦੀਪ ਸਿੰਘ ਅਤੇ ਅੱਠਵੀਂ ਜਮਾਤ ਦੇ ਜਸਮੀਤ ਸਿੰਘ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਬੇਹਤਰੀਨ ਕਾਰਗੁਜ਼ਾਰੀ ਦਿਖਾਈ। ਇਨ੍ਹਾਂ ਤਿੰਨਾਂ ਵਿਦਿਆਰਥੀਆਂ ਨੂੰ 2,100 ਰੁਪਏ (ਪ੍ਰਤੀ ਵਿਦਿਆਰਥੀ) ਨਕਦ ਰਾਸ਼ੀ ਇਨਾਮ ਦੇ ਰੂਪ ਵਿੱਚ ਦਿੱਤੀ ਗਈ। ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਕੇਸ ਸੰਭਾਲ ਸੰਸਥਾ ਦੇ ਮੈਂਬਰਾਂ ਜਜਬੀਰ ਸਿੰਘ ਵਾਲੀਆ ਤੇ ਸਤਿੰਦਰ ਸਿੰਘ ਰੂਬੀ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਐਜੂਕੇਸ਼ਨਲ ਕਮੇਟੀ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਡਾ. ਐੱਸਐੱਸ ਛੀਨਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸਕੂਲ ਮੈਂਬਰ ਇੰਚਾਰਜ ਪ੍ਰੋ. ਹਰੀ ਸਿੰਘ, ਧਾਰਮਿਕ ਵਿਭਾਗ ਮੁਖੀ ਸੁਖਜੀਤ ਕੌਰ ਵੀ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ