ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਜਨਵਰੀ
ਬੀਤੀ ਰਾਤ ਤੋਂ ਅਰੰਭ ਹੋਏ ਭਾਰੀ ਮੀਂਹ ਦੇ ਕਾਰਨ ਸ਼ਹਿਰ ਵਿਚ ਵਧੇਰੇ ਥਾਵਾਂ ’ਤੇ ਜਲਥਲ ਹੋ ਗਈ ਹੈ ਅਤੇ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ ਖੇਤਾਂ ਵਿਚ ਪਾਣੀ ਖੜ੍ਹ ਗਿਆ ਹੈ। ਬੀਤੀ ਰਾਤ ਲਗਪਗ 12 ਘੰਟੇ ਤੋਂ ਵਧੇਰੇ ਸਮਾਂ ਨਿਰੰਤਰ ਮੋਹਲੇਧਾਰ ਮੀਂਹ ਪਿਆ ਹੈ। ਜਿਸ ਕਾਰਨ ਸ਼ਹਿਰ ਦੇ ਨੀਵੇਂ ਤੇ ਹੋਰ ਕਈ ਇਲਾਕਿਆਂ ਵਿਚ ਮੀਂਹ ਦਾ ਪਾਣੀ ਇਕਠਾ ਹੋ ਗਿਆ, ਜਿਸ ਦੀ ਅੱਜ ਸ਼ਾਮ ਤਕ ਵੀ ਨਿਕਾਸੀ ਨਹੀਂ ਹੋਈ ਸੀ। ਮੀਂਹ ਦਾ ਇਹ ਸਿਲਸਿਲਾ ਦੁਪਹਿਰ ਤਕ ਜਾਰੀ ਰਿਹਾ। ਖੇਤੀਬਾੜੀ ਵਿਭਾਗ ਦੀ ਰਿਪੋਰਟ ਮੁਤਾਬਕ ਬੀਤੀ ਰਾਤ ਤੋਂ ਹੁਣ ਤਕ ਲਗਪਗ 39 ਐੱਮਐੱਮ ਬਾਰਸ਼ ਦਰਜ ਕੀਤੀ ਗਈ ਹੈ। ਹਵਾਈ ਅੱਡੇ ’ਤੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਤੋਂ ਸਵੇਰੇ ਸਾਢੇ ਅੱਠ ਵਜੇ ਤਕ 33.1 ਐਮਐਮ ਅਤੇ ਸ਼ਾਮ ਪੰਜ ਵਜੇ ਤਕ 12.18 ਐਮਐਮ ਮੀਂਹ ਅੰਮ੍ਰਿਤਸਰ ਵਿਚ ਪਿਆ ਹੈ।
ਤਰਨ ਤਾਰਨ (ਪੱਤਰ ਪ੍ਰੇਰਕ): ਪਿਛਲੇ ਪੰਜ ਦਿਨਾਂ ਤੋਂ ਜ਼ਿਲ੍ਹੇ ’ਚ ਲਗਾਤਾਰ ਹੋ ਰਹੀ ਬਾਰਿਸ਼ ਨੇ ਚਾਰ ਚੁਫੇਰਿਓਂ ਆਮ ਜੀਵਨ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ| ਬੀਤੀ ਸਾਰੀ ਰਾਤ ਭਾਰੀ ਬਾਰਸ਼ ਦੇ ਨਾਲ ਤੇਜ਼ ਹਵਾਵਾਂ ਵੀ ਚੱਲੀਆਂ ਜਿਸ ਨਾਲ ਕਣਕ ਸਮੇਤ ਹੋਰ ਫਸਲਾਂ ਦਾ ਵੀ ਨੁਕਸਾਨ ਹੋਇਆ ਹੈ| ਲਗਾਤਾਰ ਪੈ ਰਹੀ ਬਾਰਿਸ਼ ਨੇ ਤਾਂ ਬਾਜ਼ਾਰ ਅੰਦਰ ਸਬਜ਼ੀਆਂ ਦੇ ਭਾਅ ਅਸਮਾਨੀ ਚਾੜ੍ਹ ਦਿੱਤੇ ਹਨ| ਸਬਜ਼ੀ ਉਤਪਾਦਕ ਗੁਰਦਿਆਲ ਸਿੰਘ ਵੈਰੋਵਾਲ ਨੇ ਦੱਸਿਆ ਕਿ ਮਟਰ, ਆਲੂ ਆਦਿ ਦੇ ਖੇਤਾਂ ਵਿੱਚ ਪਾਣੀ ਦੇ ਖੜ੍ਹਾ ਹੋ ਜਾਣ ਕਰਕੇ ਤੁੜਾਈ ਅਤੇ ਪੁਟਾਈ ਆਦਿ ਦਾ ਕੰਮ ਕਠਿਨ ਹੋ ਗਿਆ ਹੈ| ਇਥੋਂ ਦੇ ਇਕ ਸਬਜ਼ੀ ਵਿਕਰੇਤਾ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਅੱਜ ਮੰਡੀ ਵਿੱਚੋਂ 24 ਰੁਪਏ ਪ੍ਰਤੀ ਕਿਲੋਗਰਾਮ ਦੇ ਹਿਸਾਬ ਨਾਲ ਮਿਲਦਾ ਰਿਹਾ ਮਟਰ 44 ਰੁਪਏ ਅਤੇ ਆਲੂ ਦਾ ਜਿਹੜਾ ਤੋੜਾ 300 ਰੁਪਏ ਦੇ ਹਿਸਾਬ ਨਾਲ ਮਿਲਦਾ ਰਿਹਾ ਹੈ ਉਹ ਅੱਜ 600 ਰੁਪਏ ਦਾ ਮਿਲਿਆ ਹੈ| ਮੁੱਖ ਖੇਤੀਬਾੜੀ ਅਧਿਕਾਰੀ ਜਗਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀ ਖਡੂਰ ਸਾਹਿਬ ਤਹਿਸੀਲ ਵਿੱਚ 25 ਐੱਮ ਐੱਮ, ਤਰਨ ਤਾਰਨ ਵਿੱਚ 49 ਐੱਮ ਐੱਮ ਅਤੇ ਪੱਟੀ ਤਹਿਸੀਲ ਵਿੱਚ 56 ਐੱਮ ਐੱਮ ਬਾਰਿਸ਼ ਹੋਈ ਹੈ| ਵੈਰੋਵਾਲ ਇਲਾਕੇ ਅੰਦਰ ਆਲੂਆਂ ਦੇ ਖੇਤ ਵਿੱਚ ਖੜ੍ਹਾ ਬਾਰਿਸ਼ ਦਾ ਪਾਣੀ| ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਦੇਣ ਦੀ ਮੰਗ, ਆਦਮਪੁਰ ਵਿੱਚ ਸੜਕਾਂ ’ਤੇ ਪਾਣੀ ਭਰਿਆ।
ਸ਼ਾਹਕੋਟ (ਪੱਤਰ ਪ੍ਰੇਰਕ): ਪਿਛਲੇ ਪੰਜ ਦਿਨਾਂ ਤੋਂ ਪੈ ਰਿਹਾ ਭਾਰੀ ਮੀਂਹ ਕਣਕ ਲਈ ਜਿੱਥੇ ਵਰਦਾਨ ਸਾਬਿਤ ਹੋ ਰਿਹਾ ਹੈ ਉੱਥੇ ਇਹ ਆਲੂਆਂ ਦਾ ਭਾਰੀ ਨੁਕਸਾਨ ਕਰਦਾ ਦਿਖਾਈ ਦੇ ਰਿਹਾ ਹੈ। ਮੀਂਹ ਨਾਲ ਸੜਕਾਂ ਦੇ ਜਲਥਲ ਹੋ ਜਾਣ ਨਾਲ ਰਾਹਗੀਰਾਂ ਨੂੰ ਚੱਲਣ ਸਮੇਂ ਭਾਰੀ ਦਿੱਕਤਾਂ ਦਾ ਸ਼ਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਨਾਲ ਵਧੀ ਠੰਢ ਨੇ ਗਰੀਬਾਂ ਸਮੇਤ ਸਮੁੱਚੇ ਮਜ਼ਦੂਰਾਂ ਦੀਆਂ ਪ੍ਰੇਸ਼ਾਨੀਆਂ ਵਿਚ ਚੋਖਾ ਵਾਧਾ ਕਰ ਦਿੱਤਾ ਹੈ। ਖੇਤੀਬਾੜੀ ਅਫਸ਼ਰ ਜਸਬੀਰ ਸਿੰਘ ਨੇ ਕਿਹਾ ਕਿ ਖੇਤਾਂ ਵਿਚ ਪਾਣੀ ਭਰਨ ਨਾਲ ਆਲੂਆਂ ਤੇ ਸਬਜ਼ੀਆਂ ਦੀਆਂ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ। ਪਰ ਕਣਕ, ਗੰਨਾ ਅਤੇ ਕੁੱਝ ਹੋਰ ਫਸਲਾਂ ਲਈ ਮੀਂਹ ਫਾਇਦੇਮੰਦ ਸਾਬਿਤ ਹੋਵੇਗਾ।
ਅਜਨਾਲਾ (ਪੱਤਰ ਪ੍ਰੇਰਕ): ਪਿਛਲੇ ਤਿੰਨ ਦਿਨ੍ਹਾਂ ਤੋਂ ਹੋ ਰਹੀ ਬਰਸਾਤ ਨੇ ਜਿੱਥੇ ਜਨ-ਜੀਵਨ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਕਿਸਾਨਾਂ ਦੀ ਫਸਲ ਕਣਕ ਖਰਬ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ ਜਿਸ ਨੂੰ ਲੈ ਕੇ ਕਿਸਾਨ ਚਿੰਤਾ ਵਿੱਚ ਦਿਖਾਈ ਦੇ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਤਾਂ ਜਿਆਦਾ ਖੇਤਰਾਂ ‘ਚ ਕਿਸਾਨਾਂ ਵੱਲੋਂ ਕਣਕ ਦੀ ਫਸਲ ਨੂੰ ਅਜੇ ਥੋੜ੍ਹਾ ਸਮਾਂ ਪਹਿਲਾਂ ਹੀ ਪਾਣੀ ਲਗਾਇਆ ਸੀ ਜੋ ਅਜੇ ਤੱਕ ਸੁੱਕ ਵੀ ਸਕਿਆ ਅਤੇ ਬਰਸਾਤ ਨਾਲ ਕਣਕਾਂ ਅੰਦਰ ਪਾਣੀ ਭਰ ਗਿਆ ਹੈ। ਕਿਸਾਨ ਆਗੂ ਧਨਵੰਤ ਸਿੰਘ ਖਤਰਾਏ ਕਲ਼ਾਂ ਪਰਮਜੀਤ ਸਿੰਘ ਸੰਧੂ, ਗੁਰਿੰਦਰਬੀਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ।
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਭਾਰੀ ਮੀਂਹ ਕਾਰਨ ਇੱਥੇ ਬਣ ਰਹੇ ਫਲਾਈਓਵਰ ਦੇ ਸਾਈਡਾਂ ਉੱਤੇ ਬਣੀਆਂ ਸਰਵਿਸ ਲੇਨ ਵਿੱਚ ਪਏ ਡੂੰਘੇ ਟੋਇਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੋਂ ਦੇ ਘੰਟਾ ਘਰ ਚੌਕ, ਬੱਸ ਸਟੈਂਡ ਰੋਡ, ਮੁਹੱਲਾ ਜੱਟਾਂ, ਰੇਲਵੇ ਰੋਡ ਚੌਕ ਅਤੇ ਹੋਰ ਥਾਵਾਂ ’ਤੇ ਪਾਣੀ ਭਰ ਜਾਣ ਕਾਰਨ ਸੜਕਾਂ ਨੇ ਝੀਲ ਦਾ ਰੂਪ ਧਾਰਨ ਕਰ ਲਿਆ
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਪਿਛਲੇ ਚਾਰ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨਾਲ ਜਨ-ਜੀਵਨ ਅਸਤ-ਵਿਅਸਤ ਹੋ ਕੇ ਰਹਿ ਗਿਆ ਹੈ। ਇਲਾਕੇ ਭਰ ਦੇ ਦਰਜਨਾਂ ਪਿੰਡਾਂ ਵਿੱਚ ਪਿਛਲੇ 3 ਦਿਨਾਂ ਤੋਂ ਬਿਜਲੀ ਦੀ ਸਪਲਾਈ ਨਾ ਹੋਣ ਕਾਰਨ ਜਲ ਸਪਲਾਈ ਦੇ ਟਿਊਬਵੈੱਲ ਬੰਦ ਪਏ ਹਨ, ਜਿਸ ਦੇ ਸਿੱਟੇ ਵਜੋਂ ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਗਏ ਹਨ।