ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਜੂਨ
ਘੱਲੂਘਾਰਾ ਹਫ਼ਤੇ ਦੇ ਚਲਦਿਆਂ ਦਲ ਖਾਲਸਾ ਜਥੇਬੰਦੀ ਵੱਲੋਂ ਪੰਜ ਜੂਨ ਨੂੰ ਆਜ਼ਾਦੀ ਮਾਰਚ ਅਤੇ ਛੇ ਜੂਨ ਨੂੰ ਅੰਮ੍ਰਿਤਸਰ ਬੰਦ ਦੇ ਦਿੱਤੇ ਸੱਦੇ ਦੀਆਂ ਤਿਆਰੀਆਂ ਸਿਖਰ ’ਤੇ ਹਨ। ਇਸ ਦੌਰਾਨ ਬੀਤੀ ਰਾਤ ਇਕ ਥਾਂ ’ਤੇ ਇਸ ਸਬੰਧੀ ਬੋਰਡ ਲਾਉਣ ਦੇ ਮਾਮਲੇ ਨੂੰ ਲੈ ਕੇ ਪੁਲੀਸ ਅਤੇ ਸਿੱਖ ਜਥੇਬੰਦੀ ਦੇ ਕਾਰਕੁਨਾਂ ਵਿਚਾਲੇ ਤਕਰਾਰ ਵੀ ਹੋਈ। ਇਸ ਸਬੰਧੀ ਜਥੇਬੰਦੀ ਦੀਆਂ ਸੋਸ਼ਲ ਮੀਡੀਆ ’ਤੇ ਗਤੀਵਿਧੀਆਂ ਰੋਕਣ ਲਈ ਦਲ ਖਾਲਸਾ ਦੇ ਚਾਰ ਆਗੂਆਂ ਦੇ ਖਾਤੇ ਵੀ ਬੰਦ ਕਰ ਦਿੱਤੇ ਗਏ ਹਨ। ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੇ ਕਾਰਕੁਨ ਆਪਣੀਆਂ ਹਮਖਿਆਲੀ ਜਥੇਬੰਦੀਆਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਸਿੱਖ ਯੂਥ ਆਫ ਪੰਜਾਬ ਤੇ ਹੋਰਨਾਂ ਦੇ ਕਾਰਕੁਨਾਂ ਵੱਲੋਂ ਘਰ ਘਰ ਅਤੇ ਦੁਕਾਨਾਂ ’ਤੇ ਜਾ ਕੇ ਲੋਕਾਂ ਨੂੰ ਛੇ ਜੂਨ ਦੇ ਅੰਮ੍ਰਿਤਸਰ ਬੰਦ ਵਿੱਚ ਸਹਿਯੋਗ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਸਬੰਧੀ ਲੋਕਾਂ ਨੂੰ ਪੋਸਟਰ ਵੰਡੇ ਗਏ ਹਨ ਅਤੇ ਵੱਖ ਵੱਖ ਥਾਵਾਂ ’ਤੇ ਲਾਏ ਵੀ ਗਏ ਹਨ। ਇਸ ਦੌਰਾਨ ਬੀਤੀ ਰਾਤ ਸਥਾਨਕ ਹਾਲ ਗੇਟ ਵਿੱਚ ਜਥੇਬੰਦੀ ਵੱਲੋਂ ਲਾਇਆ ਗਿਆ ਫਲੈਕਸ ਬੋਰਡ ਪੁਲੀਸ ਵੱਲੋਂ ਹਟਾਇਆ ਗਿਆ ਹੈ ਜਿਸ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਵੀ ਹੋਈ ਸੀ। ਪਾਰਟੀ ਆਗੂ ਨੇ ਦੱਸਿਆ ਕਿ ਪੁਲੀਸ ਵੱਲੋਂ ਅਜਿਹੇ ਬੋਰਡ ਆਜ਼ਾਦੀ ਮਾਰਚ ਦੇ ਰਸਤੇ ਵਿੱਚ ਹੀ ਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦੌਰਾਨ ਪਾਰਟੀ ਆਗੂ ਕੰਵਰਪਾਲ ਸਿੰਘ ਦਾ ਟਵਿੱਟਰ ਖਾਤਾ ਬੰਦ ਅਤੇ ਗਜਿੰਦਰ ਸਿੰਘ, ਰਣਬੀਰ ਸਿੰਘ ਤੇ ਸਰਬਜੀਤ ਸਿੰਘ ਘੁਮਾਣ ਦੇ ਐਫਬੀ ਖਾਤੇ ਬੰਦ ਕਰ ਦਿੱਤੇ ਗਏ ਹਨ।