ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 3 ਸਤੰਬਰ
ਵਿਧਾਨ ਸਭਾ ਹਲਕਾ ਅੰਮ੍ਰਿਤਸਰ (ਦੱਖਣੀ) ਦੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਦੱਖਣੀ ਹਲਕੇ ਦਾ ਚਹੁੰਮੁਖੀ ਵਿਕਾਸ ਕੀਤਾ ਜਾਵੇਗਾ। ਸਫਾਈ ਵਿਵਸਥਾ ਵਿੱਚ ਹੋਰ ਸੁਧਾਰ ਲਿਆਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਡਾਕਟਰ ਨਿੱਝਰ ਨੇ ਕਿਹਾ ਕਿ ਹਲਕੇ ਵਿੱਚ ਜਿੰਨੇ ਵੀ ਕੰਮ ਚੱਲ ਰਹੇ ਹਨ, ਉਨ੍ਹਾਂ ਨੂੰ ਜਲਦ ਪੂਰਾ ਕੀਤਾ ਜਾਵੇ। ਨਵੇਂ ਸ਼ੁਰੂ ਹੋਣ ਵਾਲੇ ਕੰਮਾਂ ਦੇ ਟੈਂਡਰ ਦੀ ਪ੍ਰੀਕਿਰਿਆ ਵੀ ਜਲਦੀ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਵਿੱਚ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਖੁਦ ਅਧਿਕਾਰੀਆਂ ਵੱਲੋਂ ਕੀਤੀ ਜਾਵੇ।
ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਆਮ ਵੇਖਣ ਵਿੱਚ ਆਇਆ ਹੈ ਕਿ ਲੋਕ ਗੈਰਕਾਨੂੰਨੀ ਢੰਗ ਨਾਲ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਜੋੜ ਰਹੇ ਹਨ ਜਿਸ ਨਾਲ ਸੀਵਰੇਜ ਦਾ ਪਾਣੀ ਨਾਲ ਰਲ ਰਿਹਾ ਹੈ ਅਤੇ ਇਸ ਨਾਲ ਕਈ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਡਾ. ਨਿੱਝਰ ਨੇ ਕਿਹਾ ਕਿ ਜਿਥੇ ਨਵੀਂ ਸੜਕ ਬਣੀ ਹੈ ਉੱਥੇ ਪਾਣੀ ਦਾ ਕੁਨੈਕਸ਼ਨ ਦੇਣ ਤੋਂ ਪਹਿਲਾਂ ਸਿਵਲ ਵਿਭਾਗ ਦੀ ਪ੍ਰਵਾਨਗੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਨਾਜਾਇਜ਼ ਤੌਰ ’ਤੇ ਪਾਣੀ ਦੇ ਕੁਨੈਕਸ਼ਨ ਜੋੜਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਦੱਖਣੀ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਕੋਈ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ ਵਿੱਚ ਹਲਕਾ ਕੇਂਦਰੀ ਦੇ ਵਿਧਾਇਕ ਡਾ. ਅਜੇ ਗੁਪਤਾ, ਐੱਸਈ ਅਨੁਰਾਗ ਮਹਾਜਨ, ਐਕਸੀਅਨ ਰਜਿੰਦਰ ਸਿੰਘ, ਐਕਸੀਅਨ ਸੰਦੀਪ ਸਿੰਘ, ਡਾ. ਯੋਗੇਸ਼ ਅਰੋੜਾ, ਡਾ. ਕਿਰਨ ਕੁਮਾਰ ਅਤੇ ਸੁਪਰਡੈਂਟ ਰਜਿੰਦਰ ਸ਼ਰਮਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।