ਅੰਮ੍ਰਿਤਸਰ (ਟਨਸ): ਇੱਥੋਂ ਦੇ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਮਲੇਸ਼ੀਆ ਤੋਂ ਆਏ ਚਾਰ ਯਾਤਰੀਆਂ ਕੋਲੋਂ ਲਗਪਗ 19 ਲੱਖ ਰੁਪਏ ਦੀਆਂ ਇੱਕ ਲੱਖ ਤੋਂ ਵੱਧ ਵਿਦੇਸ਼ੀ ਸਿਗਰਟਾਂ ਬਰਾਮਦ ਕੀਤੀਆਂ ਹਨ। ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਇਹ ਯਾਤਰੀ ਏਅਰ ਏਸ਼ੀਆ ਉਡਾਨ ਰਾਹੀਂ ਮਲੇਸ਼ੀਆ ਤੋਂ ਅੰਮ੍ਰਿਤਸਰ ਪੁੱਜੇ ਸਨ। ਇਹ ਉਡਾਨ ਦੇਰ ਰਾਤ ਅੰਮ੍ਰਿਤਸਰ ਪੁੱਜੀ ਸੀ। ਇਸ ਦੌਰਾਨ ਜਦੋਂ ਯਾਤਰੀਆਂ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਸਿਗਰਟਾਂ ਦੇ 565 ਬਾਕਸ ਬਰਾਮਦ ਹੋਏ ਜਿਨ੍ਹਾਂ ਵਿੱਚੋਂ ਸਿਗਰਟਾਂ ਮਿਲੀਆਂ ਜਿਨ੍ਹਾਂ ਦੀ ਗਿਣਤੀ 1.13 ਲੱਖ ਸੀ। ਵਿਭਾਗ ਨੇ ਇਸ ਸਾਮਾਨ ਨੂੰ ਜ਼ਬਤ ਕਰ ਲਿਆ ਗਿਆ ਹੈ।