ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 19 ਨਵੰਬਰ
ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਿਵਾਦਤ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਕਿਸਾਨਾਂ ਵਿਚ ਵੱਡੀ ਖੁਸ਼ੀ ਵਾਲਾ ਮਾਹੌਲ ਹੈ ਅਤੇ ਕਿਸਾਨਾਂ ਨੇ ਇਸ ਖੁਸ਼ੀ ਨੂੰ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਮਨਾਇਆ ਹੈ।
ਇਸ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਗੋਲਡਨ ਗੇਟ ਵਿਖੇ ਜਾ ਕੇ ਕਿਸਾਨਾਂ ਨਾਲ ਇਸ ਖੁਸ਼ੀ ਨੂੰ ਸਾਂਝਾ ਕੀਤਾ। ਉਨਾਂ ਦੇ ਨਾਲ ਵਿਧਾਇਕ ਸੁਨੀਲ ਦੱਤੀ ਅਤੇ ਤਰਸੇਮ ਸਿੰਘ ਡੀਸੀ ਆਦਿ ਸਨ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਪ੍ਰਧਾਨ ਮੰਤਰੀ ਵਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਸਨੂੰ ਦੇਰ ਆਏ ਦਰੁਸਤ ਆਏ ਆਖਿਆ। ਫਗਵਾੜਾ(ਜਸਬੀਰ ਸਿੰਘ ਚਾਨਾ): ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਤਿੰਨੋਂ ਕਾਲੇ ਖੇਤੀ ਕਾਨੂੰਨਾ ਨੂੰ ਰੱਦ ਕਰਨ ਦੇ ਕੀਤੇ ਜਾਣ ਤੋਂ ਬਾਅਦ ਮੌਲੀ ਵਿਖੇ ਕਿਸਾਨਾਂ ਵਲੋਂ ਮੋਰਚੇ ਸਮੇਂ ਤੋਂ ਸ਼ੁਰੂ ਕੀਤੇ ਲੰਗਰ ਵਾਲੇ ਅਸਥਾਨ ’ਤੇ ਢੋਲ ਤੇ ਭੰਗੜੇ ਪਾਏ ਗਏ। ਹੁਸ਼ਿਆਰਪੁਰ(ਹਰਪ੍ਰੀਤ ਕੌਰ) ਜੀਓ ਰਿਲਾਇੰਸ ਦਫ਼ਤਰ ਦੇ ਬਾਹਰ ਕਿਸਾਨਾਂ ਦੇ ਚੱਲ ਰਹੇ ਲਗਾਤਾਰ ਧਰਨੇ ਦੇ ਅੱਜ 373ਵੇਂ ਦਿਨ ਧਰਨਾਕਾਰੀਆਂ ਨੇ ਮੋਦੀ ਸਰਕਾਰ ਦੁਆਰਾ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਕੀਤੇ ਐਲਾਨ ਦਾ ਸਵਾਗਤ ਕੀਤਾ। ਇਸ ਦੌਰਾਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਰੇਅਰਮੈਨ ਵਿਜੇ ਸਾਂਪਲਾ ਨੇ ਸਵਾਗਤ ਕੀਤਾ ਹੈ