ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 24 ਜੁਲਾਈ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੱਲਾ ਅੰਮ੍ਰਿਤਸਰ ਵਿਖੇ ਚਲ ਰਹੇ ਮੋਰਚੇ ਦੇ ਚੌਥੇ ਦਿਨ ਕਿਸਾਨਾਂ ਮਜ਼ਦੂਰਾਂ ਨੇ ਸਰਕਾਰਾਂ ਖ਼ਿਲਾਫ਼ ਨੰਗੇ ਧੜ ਹੋ ਕੇ ਪ੍ਰਦਰਸ਼ਨ ਕੀਤਾ। ਕਾਰਪੋਰੇਟ ਵੱਲੋਂ ਪਾਣੀਆਂ ’ਤੇ ਹਮਲੇ ਵਿਰੁੱਧ ਲੱਗੇ ਇਸ ਮੋਰਚੇ ਵਿੱਚ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਧਰਨਾਕਾਰੀ ਕਿਸਾਨਾਂ-ਮਜ਼ਦੂਰਾਂ ਨੇ ਅਹਿਦ ਕੀਤਾ ਕਿ ਵਿਸ਼ਵ ਬੈਂਕ ਦੀਆਂ ਪਾਣੀਆਂ ’ਤੇ ਕਬਜ਼ੇ ਕਰਨ ਦੀਆਂ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤੀਆਂ ਜਾਣਗੀਆਂ ਅਤੇ ਪੰਜਾਬ ਦੇ ਦਰਿਆਈ ਪਾਣੀ ਲੋਕਾਂ ਨੂੰ ਮੁੱਲ ਨਹੀਂ ਵੇਚਣ ਦੇਵਾਂਗੇ।
ਜਥੇਬੰਦੀ ਤੇ ਸੂਬਾਈ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਰਣਜੀਤ ਸਿੰਘ ਕਲੇਰ ਬਾਲਾ ਨੇ ਕਿਹਾ ਕਿ ਫੈਕਟਰੀਆਂ ਲਗਾਤਾਰ ਜ਼ਹਿਰੀਲਾ ਪਾਣੀ ਧਰਤੀ ਹੇਠ ਅਤੇ ਬਰਸਾਤੀ ਨਾਲਿਆਂ ਵਿੱਚ ਪਾ ਕੇ ਧਰਤੀ ਹੇਠਲੇ ਪਾਣੀਆਂ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ ਤੇ ਸਰਕਾਰਾਂ ਕਾਰਪੋਰੇਟ ਦੇ ਦਬਾਅ ਹੇਠ ਮੂਕ ਦਰਸ਼ਕ ਬਣ ਕੇ ਖੜ੍ਹੀਆਂ ਹਨ। ਆਮ ਜਨਤਾ ਜ਼ਹਿਰੀਲੇ ਪਾਣੀ ਨਾਲ ਮਾਰੂ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ। ਇਸ ਮੌਕੇ ਜ਼ਿਲ੍ਹਾ ਆਗੂ ਗੁਰਲਾਲ ਸਿੰਘ ਮਾਨ, ਬਲਦੇਵ ਸਿੰਘ ਬੱਗਾ, ਕੰਵਰਦਲੀਪ ਸੈਦੋਲੇਹਲ ਨੇ ਸੰਬੋਧਨ ਕੀਤਾ।
ਤਰਨ ਤਾਰਨ (ਗੁਰਬਖਸ਼ਪੁਰੀ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਜ਼ਿਲ੍ਹੇ ਅੰਦਰ ‘ਪਾਣੀਆਂ ਅਤੇ ਵਾਤਾਵਰਨ’ ਦੀ ਸਾਂਭ-ਸੰਭਾਲ ਲਈ ਦਿੱਤੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਅਧਿਕਾਰਾਂ ਦਾ ਕੇਂਦਰੀਕਰਨ ਕੀਤੇ ਜਾਣ ਦੀ ਨਿਖੇਧੀ ਕੀਤੀ| ਜ਼ਿਲ੍ਹੇ ਅੰਦਰ ਹਰੀਕੇ ਅਤੇ ਲੌਹੁਕਾ ਦੀ ਸ਼ਰਾਬ ਫੈਕਟਰੀ ਸਾਹਮਣੇ ਦਿੱਤੇ ਜਾ ਰਹੇ ਇਹ ਧਰਨੇ ਅੱਜ ਚੌਥੇ ਦਿਨ ਵਿੱਚ ਦਾਖ਼ਲ ਹੋ ਗਏ| ਉਨ੍ਹਾਂ ਹਰਿਆਣਾ ਤੇ ਪੰਜਾਬ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਦੂਰ ਕਰਨ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਹਰਿਆਣਾ ਅਤੇ ਪੰਜਾਬ ਦੀ ਪ੍ਰਤੀਨਿਧਤਾ ਖਤਮ ਕੀਤੇ ਜਾਣ, ਪੰਜਾਬ ਯੂਨੀਵਰਸਿਟੀ ਤੇ ਕੇਂਦਰ ਸਰਕਾਰ ਦਾ ਕਬਜਾ ਕਰਵਾਉਣ ਆਦਿ ਕਦਮਾਂ ਨੂੰ ਤੁਰੰਤ ਵਾਪਸ ਲੈਣ ਦੀ ਆਵਾਜ਼ ਉਠਾਈ|
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਪਾਣੀ ਤੇ ਚੌਗਿਰਦੇ ਨੂੰ ਬਚਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਵੱਲੋਂ ਨਵਾਂ ਪਿੰਡ ਖਾਲੇਵਾਲ ਦੇ ਨਜ਼ਦੀਕ ਚਿੱਟੀ ਵੇਈਂ ਦੇ ਪੁਲ ਉੱਪਰ ਪੰਜ ਰੋਜ਼ਾ ਲਗਾਇਆ ਧਰਨਾ ਅੱਜ ਚੌਥੇ ਦਿਨ ਵਿੱਚ ਦਾਖਿਲ ਹੋ ਗਿਆ। ਅੱਜ ਦੇ ਧਰਨੇ ਵਿੱਚ ਵਾਤਾਵਰਨ ਪ੍ਰੇਮੀਆਂ, ਬੁੱਧੀਜੀਵੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਹਿੱਸਾ ਲਿਆ। ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜ ਦਿਨ ਧਰਨੇ ਲਗਾ ਕੇ ਉਹ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।