ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਅਗਸਤ
ਬਿਜਲੀ ਸੋਧ ਬਿਲ -2022 ਵਾਪਸ ਲੈਣ ਦੀ ਮੰਗ ਨੂੰ ਲੈ ਕੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇੱਥੇ ਗੋਲਡਨ ਗੇਟ ’ਚ ਅਤੇ ਹੋਰ ਕਈ ਥਾਵਾਂ ’ਤੇ ਕੇਂਦਰ ਸਰਕਾਰ ਖਿਲਾਫ ਰੋਸ ਵਿਖਾਵੇ ਕੀਤੇ ਗਏ। ਕਿਸਾਨ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਆਦਿ ਨੇ ਦੱਸਿਆ ਕਿ ਅੱਜ ਲੋਕ ਵਿਰੋਧੀ ਬਿਜਲੀ ਬਿੱਲ-2022 ਵਾਪਸ ਕਰਵਾਉਣ ਲਈ ਗੋਲਡਨ ਗੇਟ ਅਤੇ ਕੱਥੂ ਨੰਗਲ ਟੌਲ ਪਲਾਜ਼ਾ ’ਤੇ ਮੋਦੀ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ । ਕਾਹਨੂੰਵਾਨ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬਿਜਲੀ ਸੋਧ ਬਿੱਲ ਦੇ ਵਿਰੋਧ ਵਿਚ ਕੇਂਦਰ ਸਰਕਾਰ ਦੀ ਅਰਥੀ ਫ਼ੂਕ ਕੇ ਭੈਣੀ ਮੀਆਂ ਖਾਂ ਵਿਚ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਜ਼ਿਲ੍ਹਾ ਸਕੱਤਰ ਸੋਹਣ ਸਿੰਘ ਗਿੱਲ ਅਤੇ ਜ਼ੋਨ ਪ੍ਰਧਾਨ ਗੁਰਪ੍ਰੀਤ ਕੌਰ ਕੋਟਲੀ ਨੇ ਸੰਬੋਧਨ ਕੀਤਾ।
ਤਰਨ ਤਾਰਨ (ਪੱਤਰ ਪ੍ਰੇਰਕ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2020 ਨੂੰ ਸੂਬਿਆਂ ਦੀ ਸਹਿਮਤੀ ਤੋਂ ਬਿਨਾਂ ਸੰਸਦ ਵਿੱਚ ਪੇਸ਼ ਕੀਤੇ ਜਾਣ ਖਿਲਾਫ਼ ਅੱਜ ਇਥੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਕੌਮੀ ਸ਼ਾਹ ਮਾਰਗ ਤੇ ਰਸੂਲਪੁਰ ਨਹਿਰਾਂ ’ਤੇ ਮੁਜ਼ਾਹਰਾ ਕਰਕੇ ਸਰਕਾਰ ਦੀ ਅਰਥੀ ਸਾੜੀ|
ਭੁਲੱਥ (ਪੱਤਰ ਪ੍ਰੇਰਕ): ਪੰਜਾਬ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਬਾਊਪੁਰ ਦੀ ਅਗਵਾਈ ਹੇਠ ਬਿਜਲੀ ਸੋਧ ਬਿਲ 2020 ਨੂੰ ਕੇਂਦਰ ਵੱਲੋਂ ਪਾਸ ਕਰਨ ਦੇ ਵਿਰੋਧ ਵਿੱਚ ਨਡਾਲਾ ਚੌਕ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਅਜਨਾਲਾ (ਪੱਤਰ ਪ੍ਰੇਰਕ): ਬਿਜਲੀ ਸੋਧ ਬਿੱਲ ਦੇ ਵਿਰੋਧ ਵਿੱਚ ਜਨਤਕ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਸਥਾਨਕ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਮੈਂਬਰ ਸੁਰਜੀਤ ਸਿੰਘ ਦੁਧਰਾਏ ਨੇ ਸੰਬੋਧਨ ਕੀਤਾ।