ਦਿਲਬਾਗ ਸਿੰਘ ਗਿੱਲ/ਜਗਤਾਰ ਸਿੰਘ ਲਾਂਬਾ
ਅਟਾਰੀ/ਅੰਮਿ੍ਰਤਸਰ, 16 ਅਗਸਤ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕਮੇਟੀ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸਵਿੰਦਰ ਸਿੰਘ ਚੁਤਾਲਾ ਅਤੇ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ 15 ਅਗਸਤ ਦਾ ਦਿਨ ਪੰਜਾਬ ਭਰ ਵਿੱਚ ਅਧੂਰਾ ਅਜ਼ਾਦੀ ਦਿਹਾੜਾ ਵਜੋਂ ਮਨਾਇਆ ਗਿਆ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ, ਰਣਜੀਤ ਸਿੰਘ ਕਲੇਰਬਾਲਾ, ਜਰਮਨਜੀਤ ਸਿੰਘ ਬੰਡਾਲਾ, ਸਕੱਤਰ ਸਿੰਘ ਕੋਟਲਾ ਦੀ ਅਗਵਾਈ ਹੇਠ ਅਟਾਰੀ ਬਾਰਡਰ ਤੋਂ ਆਰੰਭ ਹੋ ਕੇ ਬਿਆਸ ਜਾ ਕੇ ਸਮਾਪਤ ਹੋਇਆ। ਅਟਾਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ 15 ਅਗਸਤ ਨੂੰ ਇਸ ਵਾਰ ਅਧੂਰੀ ਆਜ਼ਾਦੀ ਦਿਵਸ ਮਨਾ ਰਹੀ ਹੈ ਜਿਸ ਦਾ ਕਾਰਨ ਆਜ਼ਾਦੀ ਤੋਂ ਪਹਿਲਾਂ ਦੀਆਂ ਸਮੱਸਿਆਵਾਂ ਅੱਜ ਵੀ ਬਰਕਰਾਰ ਹਨ ਅਤੇ ਲੋਕ ਇਨ੍ਹਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਸਾਰੇ ਜਨਤਕ ਅਦਾਰੇ ਕੌਡੀਆਂ ਦੇ ਭਾਅ ਵੇਚੇ ਗਏ ਹਨ ਅਤੇ ਬਚਿਆ ਖੇਤੀ ਸੈਕਟਰ ਵੀ ਤਿੰਨ ਕਾਲੇ ਖੇਤੀ ਕਾਨੂੰਨ ਲਿਆ ਕੇ ਉਨ੍ਹਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ, ਨੂੰ ਲਾਗੂ ਕਰਕੇ ਦੇਸ਼ ਦੇ ਆਰਥਿਕ ਸੋਮਿਆਂ ਉੱਤੇ ਉਨ੍ਹਾਂ ਦਾ ਕਬਜ਼ਾ ਕਰਵਾ ਰਹੇ ਹਨ। ਇਸ ਮੌਕੇ ਗੁਰਲਾਲ ਸਿੰਘ ਮਾਨ, ਬਾਜ ਸਿੰਘ ਸਾਰੰਗੜਾ, ਕੰਵਰ ਦਲੀਪ ਸਿੰਘ, ਕੁਲਵੰਤ ਸਿੰਘ ਕੱਕੜ, ਕੁਲਵੰਤ ਸਿੰਘ ਰਾਜਤਾਲ, ਲਖਵਿੰਦਰ ਸਿੰਘ ਡਾਲਾ, ਕੁਲਜੀਤ ਸਿੰਘ ਕਾਲੇ ਘਣੂਪੁਰ, ਕਵਲਜੀਤ ਸਿੰਘ ਵੰਨਚੜੀ, ਗੁਰਦੇਵ ਸਿੰਘ ਵਰਪਾਲ, ਚਰਨਜੀਤ ਸਿੰਘ ਸਫੀਪੁਰ, ਅਮੋਲਕ ਸਿੰਘ ਨਰਾਇਣਗੜ੍ਹ, ਅਜੀਤ ਸਿੰਘ ਠੱਠੀਆਂ, ਹਰਬਿੰਦਰ ਸਿੰਘ ਭਲਾਈਪੁਰ, ਸੁਖਦੇਵ ਸਿੰਘ ਚਾਟੀਵਿੰਡ, ਬਲਦੇਵ ਸਿੰਘ ਬੱਗਾ, ਗੁਰਭੇਜ ਸਿੰਘ ਝੰਡੇ, ਸਵਿੰਦਰ ਸਿੰਘ ਰੂਪੋਵਾਲੀ, ਗੁਰਦੇਵ ਸਿੰਘ ਗੱਗੋਮਾਹਲ ਆਦਿ ਆਗੂ ਵੀ ਹਾਜ਼ਰ ਸਨ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ, ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ ਅਧੂਰਾ ਆਜ਼ਾਦੀ ਦਿਹਾੜਾ ਮਨਾਇਆ ਗਿਆ।
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ, ਰਣਜੀਤ ਸਿੰਘ ਕਲੇਰਬਾਲਾ, ਜਰਮਨਜੀਤ ਸਿੰਘ ਬੰਡਾਲਾ, ਸਕੱਤਰ ਸਿੰਘ ਕੋਟਲਾ ਦੀ ਅਗਵਾਈ ਹੇਠ ਇਥੇ ਗੋਲਡਨ ਗੇਟ ਵਿਖੇ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਵਿਖਾਵਾ ਕੀਤਾ ਗਿਆ । ਇਸ ਸਬੰਧ ਵਿਚ ਪਹਿਲਾਂ ਅਟਾਰੀ ਸਰਹੱਦ ਤੋਂ ਮੋਟਰਸਾਈਕਲ ਮਾਰਚ ਸ਼ੁਰੂ ਹੋਇਆ ਜਿਸ ਨੇ ਗੋਲਡਨ ਗੇਟ ’ਤੇ ਰਾਜ ਪ੍ਰਬੰਧ ਦਾ ਪੁਤਲਾ ਫੂਕਿਆ। ਇਹ ਮਾਰਚ ਬਿਆਸ ਜਾ ਕੇ ਖਤਮ ਹੋਇਆ । ਕਿਸਾਨ ਆਗੂਆਂ ਨੇ ਦੋੋਸ਼ ਲਾਇਆ ਕਿ ਸਾਰੇ ਜਨਤਕ ਅਦਾਰੇ ਕੌਡੀਆਂ ਦੇ ਭਾਅ ਨਿਜੀ ਹੱਥਾਂ ਵਿਚ ਵੇਚੇ ਜਾ ਰਹੇ ਹਨ। ਖੇਤੀ ਸੈਕਟਰ ਵੀ ਤਿੰਨ ਕਾਲੇ ਖੇਤੀ ਕਾਨੂੰਨ ਲਿਆ ਕੇ ਉਨ੍ਹਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਪਿਛਲੇ 74 ਸਾਲਾਂ ਵਿਚ ਇਨਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਇਸ ਮੌਕੇ ਗੁਰਲਾਲ ਸਿੰਘ ਮਾਨ,ਬਾਜ ਸਿੰਘ ਸਾਰੰਗੜਾ,ਕੰਵਰ ਦਲੀਪ ਸਿੰਘ,ਕੁਲਵੰਤ ਸਿੰਘ ਕਕੜ, ਕੁਲਵੰਤ ਸਿੰਘ ਰਾਜਤਾਲ,ਲਖਵਿੰਦਰ ਸਿੰਘ ਡਾਲਾ,ਕੁਲਜੀਤ ਸਿੰਘ ਕਾਲੇ ਘਣੂਪੁਰ ਆਦਿ ਆਗੂ ਵੀ ਹਾਜ਼ਰ ਸਨ।
ਕਿਸਾਨ ਯੂਨੀਅਨ ਵੱਲੋਂ ਟਰੈਕਟਰ, ਕਾਰ ਤੇ ਮੋਟਰਸਾਈਕਲ ਮਾਰਚ
ਸ੍ਰੀ ਹਰਗੋਬਿੰਦਪੁਰ (ਗੁਰਭੇਜ ਸਿੰਘ ਰਾਣਾ): ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਸਾਂਝੇ ਤੌਰ ’ਤੇ ਵਿਸ਼ਾਲ ਟਰੈਕਟਰ, ਕਾਰ ਅਤੇ ਮੋਟਰਸਾਈਕਲ ਮਾਰਚ ਕੀਤਾ ਗਿਆ। ਇਹ ਮਾਰਚ ਮਣੇਸ਼ ਪਿੰਡ ਤੋਂ ਸ਼ੁਰੂ ਹੋਇਆ ਤੇ ਪਿੰਡ ਊਧਨਵਾਲ, ਘੁਮਾਣ ਸਮੇਤ ਦਰਜਨਾਂ ਪਿੰਡਾਂ ਵਿਚੋਂ ਸ੍ਰੀ ਹਰਗੋਬਿੰਦਪੁਰ ਵਿਖੇ ਸਮਾਪਤ ਹੋਇਆ। ਦਾਣਾ ਮੰਡੀ ਸ੍ਰੀ ਹਰਗੋਬਿੰਦਪੁਰ ਵਿੱਚ ਸੈਂਕੜੇ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਜੈਕਾਰੇ ਲਗਾਏ ਗਏ। ਕਿਸਾਨ ਆਗੂ ਗੁਰਦਿਆਲ ਸਿੰਘ ਮਣੇਸ਼, ਪਾਲ ਸਿੰਘ ਚੀਮਾ ਖੁੱਡੀ, ਜਗਤਾਰ ਸਿੰਘ ਬਸਰਾਵਾਂ, ਕੈਪਟਨ ਅਜੀਤ ਸਿੰਘ ਸੈਰੋਵਾਲ, ਡਾ. ਅਸ਼ੋਕ ਭਾਰਤੀ, ਸੁਰਜੀਤ ਸਿੰਘ ਘੁਮਾਣ, ਚੈਂਚਲ ਸਿੰਘ ਚੀਮਾ ਖੁੱਡੀ, ਅਜੈਬ ਸਿੰਘ ਚੀਮਾ ਖੁੱਡੀ ਆਦਿ ਆਗੂਆਂ ਨੇ ਕਿਹਾ ਕਿ ਭਾਰਤ ਨੂੰ ਕਦੇ ਹਕੀਕੀ ਆਜ਼ਾਦੀ ਨਹੀਂ ਮਿਲੀ ਸਗੋਂ 15 ਅਗਸਤ 1947 ਨੂੰ ਅੰਗਰੇਜ਼ ਇੱਕ ਸਮਝੌਤੇ ਤਹਿਤ ਰਾਜ ਭਾਗ ਭਾਰਤੀ ਹਾਕਮਾਂ ਦੇ ਹਵਾਲੇ ਕਰਕੇ ਖ਼ੁਦ ਪਰਦੇ ਪਿੱਛੇ ਹੋ ਗਏ ਸਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੇਵਲ ਕਾਰਪੋਰੇਟ ਘਰਾਣੇ ਹੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਕਿਸਾਨਾਂ ਮਜ਼ਦੂਰਾਂ ਦੀਆਂ ਵੱਖ ਵੱਖ ਜਥੇਬੰਦੀਆਂ ਵਲੋਂ ਦੇਸ਼ ਦੇ ਆਜ਼ਾਦੀ ਦਿਹਾੜੇ ’ਤੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰਦੇ ਕਿਸਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹੇ ਅੰਦਰ ਰੋਸ ਪ੍ਰਦਰਸ਼ਨ ਕੀਤੇ ਅਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ|
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਸਬੰਧਤ ਵੱਡੀ ਗਿਣਤੀ ਕਿਸਾਨਾਂ-ਮਜ਼ਦੂਰਾਂ ਵਲੋਂ ਜ਼ਿਲ੍ਹੇ ਦੇ ਚਾਰ ਚੁਫੇਰੇ ਪਿੰਡਾਂ ਅੰਦਰ ਕਾਲੇ ਝੰਡਿਆਂ ਨਾਲ ਆਪਣੇ ਸਾਧਨਾਂ ਤੇ ਰੋਸ ਮਾਰਚ ਕੀਤੇ| ਮਾਰਚ ਕਰਦੇ ਕਿਸਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਇਕੱਤਰ ਹੋਏ| ਇਥੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੋਂ ਇਲਾਵਾ ਸਤਨਾਮ ਸਿੰਘ ਮਾਨੋਚਾਹਲ, ਫਤਿਹ ਸਿੰਘ ਪਿੱਦੀ, ਰਣਜੀਤ ਕੌਰ ਕੱਲ੍ਹਾ, ਦਿਆਲ ਸਿੰਘ, ਮੁਖਤਿਆਰ ਸਿੰਘ, ਮਨਜਿੰਦਰ ਸਿੰਘ, ਸਲਵਿੰਦਰ ਸਿੰਘ, ਸੁਖਵਿੰਦਰ ਸਿੰਘ ਦੁੱਗਲਵਾਲਾ, ਕੁਲਵੰਤ ਸਿੰਘ, ਧੰਨਾ ਸਿੰਘ ਲਾਲੂਘੁੱਮਣ, ਗੁਰਜੀਤ ਸਿੰਘ, ਅਜੀਤ ਸਿੰਘ ਚੱਬਾ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਮੇਹਰ ਸਿੰਘ ਤਲਵੰਡੀ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ| ਆਗੂਆਂ 74 ਸਾਲ ਪਹਿਲਾਂ ਮਿਲੀ ਆਜ਼ਾਦੀ ਨੂੰ ਅਧੂਰੀ ਆਖਦਿਆਂ ਕਿਹਾ ਕਿ ਅਜੇ ਦੇਸ਼ ਨੂੰ ਸ਼ਹੀਦਾਂ ਦੇ ਸੁਪਨਿਆਂ ਵਾਲਾ ਦੇਸ਼ ਬਣਾਉਣ ਲਈ ਕਾਰਪੋਰੇਟ ਘਰਾਣਿਆਂ, ਭ੍ਰਿਸ਼ਟ ਪ੍ਰਸ਼ਾਸਕਾਂ, ਸਰਮਾਏਦਾਰੀ ਪ੍ਰਬੰਧ ਆਦਿ ਲੋਕ ਵਿਰੋਧੀ ਅਨਸਰਾਂ ਤੋਂ ਆਜ਼ਾਦੀ ਹਾਸਲ ਕਰਨੀ ਬਾਕੀ ਹੈ| ਆਗੂਆਂ ਨੇ ਕਿਹਾ ਕਿ ਸਕੂਲ ਸੜਕਾਂ ਆਦਿ ਤੋਂ ਲੈ ਕੇ ਬਿਜਲੀ ਪ੍ਰਣਾਲੀ, ਹਵਾਈ ਜਹਾਜ਼, ਰੇਲ ਤੱਕ ਆਦਿ ਨੂੰ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਸੌਂਪਿਆ ਜਾ ਰਿਹਾ ਹੈ| ਜਥੇਬੰਦੀ ਦੇ ਵਰਕਰਾਂ ਨੇ ਰਾਤ ਵੇਲੇ ਪਿੰਡਾਂ ਅੰਦਰ ਮੋਮਬੱਤੀਆਂ ਬਾਲ ਕੇ ਕਿਸਾਨਾਂ-ਮਜਦੂਰਾਂ ਨੂੰ ਜਾਗਰੂਕ ਹੋਣ ਦਾ ਹੋਕਾ ਦਿੱਤਾ| ਕਿਸਾਨ ਸੰਯੁਕਤ ਮੋਰਚੇ ਨਾਲ ਜੁੜੀਆਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਜਮੂਹਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ ਆਦਿ ਦੇ ਝੰਡੇ ਹੇਠ ਕਿਸਾਨਾਂ ਨੇ ਪਿੰਡਾਂ ਅੰਦਰ ਮਾਰਚ ਕੀਤੇ| ਮਾਰਚ ਕਰਦੇ ਕਿਸਾਨ ਇਥੇ ਐਸਡੀਐਮ ਦੇ ਦਫ਼ਤਰ ਇਕੱਤਰਤ ਹੋਏ।
ਮਾਨਸਰ (ਮਨਪ੍ਰੀਤ ਸਿੰਘ): ਇਥੇ ਕਿਸਾਨ ਜਥੇਬੰਦੀਆਂ ਵੱਲੋਂ ਕੌਮੀ ਝੰਡਾ ਲਗਾ ਕੇ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ। ਟਰੈਕਟਰ ਮਾਰਚ ਭੰਗਾਲਾ ਦਾਨਾ ਮੰਡੀ ਤੋਂ ਸ਼ੁਰੂ ਹੋਇਆ ਪੁਰਾਣਾ ਭੰਗਾਲਾ, ਮੁਸਾਹਿਬਪੁਰ, ਤਲਵੰਡੀ, ਮੁਕੇਰੀਆਂ, ਫੱਤੂਵਾਲ, ਕਾਲਾ ਮੰਜ, ਘਸੀਟਪੁਰ, ਧੋਲਾ ਖੇੜਾ, ਨੰਗਲ ਅਵਾਣਾ, ਫਿਰੋਜਪੁਰ, ਮਹਿਮੂਦਪੁਰ, ਖੁਸ਼ਨਗਰ, ਹਰਦੋਖੁੰਦਪੁਰ, ਬਡਿਆਲ, ਚਨੌਰ, ਪੰਡੋਰੀ ਭਗਤ ਤੋਂ ਹੁੰਦਾ ਹੋਇਆ ਮਾਨਸਰ ਟੌਲ ਪਲਾਜ਼ਾ ’ਤੇ ਜਾ ਕੇ ਸਮਾਪਤ ਹੋਇਆ। ਕਿਸਾਨਾਂ ਤੇ ਨੌਜਵਾਨਾਂ ਵੱਲੋਂ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਯੋਧ ਸਿੰਘ ਕੋਟਲੀ, ਵਿਜੇ ਸਿੰਘ ਬਹਬਿਲ ਮੰਜ, ਸੋਰਵ ਮਿਨਹਾਸ, ਜਗਦੇਵ ਸਿੰਘ ਭੱਟੀਆਂ, ਸੁਰਜੀਤ ਸਿੰਘ ਬਿੱਲਾ, ਉਂਕਾਰ ਸਿੰਘ ਪੁਰਾਣਾ ਭੰਗਾਲਾ ਨੇ ਕਿ ਕਿਹਾ ਕਿ ਵੱਡੀਆਂ ਕੁਰਬਾਨੀਆਂ ਕਰਕੇ ਪ੍ਰਾਪਤ ਕਰਕੇ ਆਜ਼ਾਦੀ ਹਾਲੇ ਕਿਰਤੀਆਂ ਤੇ ਕਿਸਾਨਾਂ ਦੇ ਵਿਹੜਿਆਂ ਤੱਕ ਨਹੀਂ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਪੱਖ ਦੀਆਂ ਨੀਤੀਆਂ ਬਣਾ ਕੇ ਦੇਸ਼ ਨੂੰ ਮੁੜ ਗੁਲਾਮ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਗਦਰੀ ਬਾਬਿਆਂ ਦੇ ਵਾਰਿਸ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਆਗੂਆਂ ਨੇ ਖੇਤੀ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।